LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 25 ਨਵੰਬਰ 2026
ਬ੍ਰੇਕਿੰਗਪੰਜਾਬ ਤੇ ਚੰਡੀਗੜ੍ਹ ’ਚ ਅਗਲੇ 4 ਦਿਨ ਮੌਸਮ ਰਹੇਗਾ ਖੁਸ਼ਕ, ਰਾਤ ਦੇ ਤਾਪਮਾਨ ’ਚ 2 ਤੋਂ 3 ਡਿਗਰੀ ਤੱਕ ਗਿਰਾਵਟ ਦੇ ਆਸਾਰ
ਰਾਜਨੀਤੀ

ਅਕਾਲੀ ਦਲ ਤੇ ਭਾਜਪਾ ਦੇ ਸੰਭਾਵੀ ਗੱਠਜੋੜ ਨੂੰ ਸਚਿਨ ਪਾਇਲਟ ਨੇ ਸਿਆਸੀ ਮੌਕਾਪ੍ਰਸਤੀ ਦੱਸਿਆ

ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਅੰਮ੍ਰਿਤਸਰ ਵਿੱਚ ਅਕਾਲੀ-ਭਾਜਪਾ ਸਾਂਝ ਦੀਆਂ ਚਰਚਾਵਾਂ ਨੂੰ ਸਿਆਸੀ ਮਜਬੂਰੀ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ।

ਅਕਾਲੀ ਦਲ ਤੇ ਭਾਜਪਾ ਦੇ ਸੰਭਾਵੀ ਗੱਠਜੋੜ ਨੂੰ ਸਚਿਨ ਪਾਇਲਟ ਨੇ ਸਿਆਸੀ ਮੌਕਾਪ੍ਰਸਤੀ ਦੱਸਿਆ
ਪੰਜਾਬ ਟੈਲੀਵਿਜ਼ਨ

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਨੇੜੇ ਆਉਣ ਦੀਆਂ ਚਰਚਾਵਾਂ ਨੂੰ ਸ਼ੁੱਧ ਮੌਕਾਪ੍ਰਸਤੀ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਜਦੋਂ ਇਹ ਸਾਂਝ ਟੁੱਟੀ ਸੀ, ਉਦੋਂ ਭਾਜਪਾ ਨੇ ਅਕਾਲੀ ਆਗੂਆਂ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਸਨ।

ਪਾਇਲਟ ਨੇ ਪੁੱਛਿਆ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਦੋਵੇਂ ਧਿਰਾਂ ਵੱਖ ਹੋਈਆਂ ਸਨ, ਕੀ ਉਹ ਮਸਲੇ ਹੁਣ ਹੱਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਪੰਜ ਸਾਲਾਂ ਦੌਰਾਨ ਖੇਤੀ ਕਾਨੂੰਨਾਂ, ਕਿਸਾਨੀ ਘੋਲ ਵਿੱਚ ਗਈਆਂ ਜਾਨਾਂ ਅਤੇ ਨਸ਼ਿਆਂ ਦੇ ਮਾਮਲੇ 'ਤੇ ਦੋਵੇਂ ਧਿਰਾਂ ਇੱਕ-ਦੂਜੇ ਦੇ ਆਹਮੋ-ਸਾਹਮਣੇ ਸਨ। ਲੋਕਾਂ ਵੱਲੋਂ ਚੋਣਾਂ ਵਿੱਚ ਹਰਾਏ ਜਾਣ ਮਗਰੋਂ ਹੁਣ ਇਹ ਧਿਰਾਂ ਆਪਣਾ ਆਧਾਰ ਬਚਾਉਣ ਲਈ ਮਜਬੂਰੀਵੱਸ ਇਕੱਠੀਆਂ ਹੋ ਰਹੀਆਂ ਹਨ।

ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਬੋਲਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਹਕੂਮਤ ਦਾ ਅਸਰ ਖ਼ਤਮ ਹੋ ਚੁੱਕਾ ਹੈ ਅਤੇ ਜਨਤਾ ਨਵੀਂ ਸਰਕਾਰ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਗੰਭੀਰ ਪ੍ਰਸ਼ਾਸਨ ਦੀ ਲੋੜ ਹੈ, ਜਦਕਿ ਮੁੱਖ ਮੰਤਰੀ ਅਹਿਮ ਮਾਮਲਿਆਂ ਨੂੰ ਸੁਲਝਾਉਣ ਦੀ ਥਾਂ ਮਖੌਲਾਂ ਵਿੱਚ ਵਕਤ ਗੁਜ਼ਾਰ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਧਿਰ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਆਪਣੀ ਹੀ ਲੀਡਰਸ਼ਿਪ ਤੋਂ ਭਰੋਸਾ ਟੁੱਟ ਚੁੱਕਾ ਹੈ, ਜਿਸ ਕਰਕੇ ਆਮ ਲੋਕ ਵੀ ਉਨ੍ਹਾਂ 'ਤੇ ਯਕੀਨ ਨਹੀਂ ਕਰ ਸਕਦੇ। ਪਾਇਲਟ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਸੂਬੇ ਦੇ ਵਸਨੀਕਾਂ ਕੋਲ ਕਾਂਗਰਸ ਹੀ ਇੱਕੋ-ਇੱਕ ਭਰੋਸੇਯੋਗ ਵਿਕਲਪ ਹੈ।

ਪਾਰਟੀ ਦੀਆਂ ਚੋਣ ਤਿਆਰੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਕ੍ਰੀਨਿੰਗ ਕਮੇਟੀ ਬਣਾਈ ਜਾ ਚੁੱਕੀ ਹੈ ਅਤੇ ਸੂਬਾ ਚੋਣ ਕਮੇਟੀ ਵੀ ਛੇਤੀ ਇਕੱਠੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਦੀ ਚੋਣ ਲੋਕਾਂ ਦੀ ਰਾਏ, ਜਿੱਤਣ ਦੀ ਸਮਰੱਥਾ ਅਤੇ ਕੰਮ ਦੇ ਆਧਾਰ 'ਤੇ ਹੀ ਕੀਤੀ ਜਾਵੇਗੀ।