ਕੈਨੇਡਾ ਵਿੱਚ ਬਠਿੰਡਾ ਦੇ ਨੌਜਵਾਨ ਸੁਖਮਨਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਸੋਗ ਵਿੱਚ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਗਿੱਲ ਦੇ 23 ਸਾਲਾ ਸੁਖਮਨਦੀਪ ਸਿੰਘ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਮੌਤ ਤੋਂ ਦੋ ਦਿਨ ਪਹਿਲਾਂ ਹੀ ਉਸ ਨੇ ਪਿੰਡ ਵਿੱਚ ਘਰ ਬਣਾਉਣ ਲਈ ਪੈਸੇ ਭੇਜੇ ਸਨ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਗਿੱਲ ਦੇ 23 ਸਾਲਾ ਨੌਜਵਾਨ ਸੁਖਮਨਦੀਪ ਸਿੰਘ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਉਹ ਪ੍ਰਿੰਸ ਜਾਰਜ ਸ਼ਹਿਰ ਵਿਖੇ ਰਹਿ ਰਿਹਾ ਸੀ। ਨੌਜਵਾਨ ਦੇ ਅਕਾਲ ਚਲਾਣੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਸੁਖਮਨਦੀਪ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਪੜ੍ਹਾਈ ਦੇ ਮਕਸਦ ਨਾਲ ਕੈਨੇਡਾ ਗਿਆ ਸੀ। ਪਰਿਵਾਰ ਦੀ ਮਾਲੀ ਹਾਲਤ ਪਤਲੀ ਹੋਣ ਕਾਰਨ ਪਿਤਾ ਬਲੌਰ ਸਿੰਘ ਨੇ ਲਗਭਗ 8 ਕਨਾਲ ਜੱਦੀ ਜ਼ਮੀਨ ਗਹਿਣੇ ਧਰ ਕੇ ਉਸ ਦਾ ਖ਼ਰਚਾ ਚੁੱਕਿਆ ਸੀ।
ਕੈਨੇਡਾ ਜਾ ਕੇ ਉਸ ਨੇ ਮਿਹਨਤ ਕੀਤੀ ਅਤੇ ਕੋਈ ਡੇਢ ਸਾਲ ਪਹਿਲਾਂ ਪੜ੍ਹਾਈ ਨਿਬੇੜ ਕੇ ਵਰਕ ਪਰਮਿਟ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪੈਸੇ ਭੇਜਣ ਮਗਰੋਂ ਪਰਿਵਾਰ ਨੇ ਪਿੰਡ ਵਿਚਲੇ ਪੁਰਾਣੇ ਮਕਾਨ ਨੂੰ ਨਵੇਂ ਸਿਰਿਓਂ ਬਣਾਉਣਾ ਸ਼ੁਰੂ ਕੀਤਾ ਸੀ, ਤਾਂ ਜੋ ਜ਼ਿੰਦਗੀ ਲੀਹ ’ਤੇ ਆ ਸਕੇ।
ਰਿਸ਼ਤੇਦਾਰਾਂ ਮੁਤਾਬਕ 15 ਨਵੰਬਰ ਨੂੰ ਸੁਖਮਨਦੀਪ ਨੇ ਆਪਣੀ ਮਾਤਾ ਰਣਜੀਤ ਕੌਰ ਨੂੰ ਫ਼ੋਨ ਮਿਲਾਇਆ ਸੀ। ਉਸ ਨੇ ਘਰਦਿਆਂ ਦਾ ਹਾਲ-ਚਾਲ ਜਾਣਿਆ ਅਤੇ ਮਕਾਨ ਦੇ ਕੰਮ ਬਾਰੇ ਪੁੱਛਿਆ। ਉਸ ਨੇ ਉਸਾਰੀ ਲਈ ਰਕਮ ਵੀ ਭੇਜੀ ਸੀ ਅਤੇ ਗੱਲਬਾਤ ਤੋਂ ਉਹ ਕਿਸੇ ਤਣਾਅ ਵਿੱਚ ਹੋਣ ਦਾ ਅੰਦਾਜ਼ਾ ਬਿਲਕੁਲ ਨਹੀਂ ਲੱਗਿਆ।
ਫ਼ੋਨ 'ਤੇ ਹੋਈ ਇਸ ਗੱਲਬਾਤ ਤੋਂ ਦੋ ਦਿਨ ਪਿੱਛੋਂ 17 ਨਵੰਬਰ ਨੂੰ ਸੰਝ ਵੇਲੇ ਥਾਣਾ ਫੂਲ ਦੀ ਪੁਲਿਸ ਨੇ ਪਰਿਵਾਰ ਨੂੰ ਸੁਖਮਨਦੀਪ ਦੇ ਖ਼ੁਦਕੁਸ਼ੀ ਕਰਨ ਬਾਰੇ ਦੱਸਿਆ। ਇਸ ਖ਼ਬਰ ਨੇ ਖ਼ੁਸ਼ੀਆਂ ਭਰੇ ਮਾਹੌਲ ਨੂੰ ਗ਼ਮ ਵਿੱਚ ਤਬਦੀਲ ਕਰ ਦਿੱਤਾ।
ਪੰਚਾਇਤ ਅਤੇ ਪਿੰਡ ਦੇ ਬਾਸ਼ਿੰਦਿਆਂ ਨੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਮਾਲੀ ਮਦਦ ਮੰਗੀ ਹੈ ਤਾਂ ਜੋ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਂਦਾ ਜਾ ਸਕੇ।



