ਕੈਨੇਡਾ ਵਿੱਚ ਸੜੀ ਹੋਈ ਕਾਰ 'ਚੋਂ ਮਿਲੀ ਭਾਰਤੀ ਨੌਜਵਾਨ ਦੀ ਲਾਸ਼, ਕਤਲ ਦਾ ਖ਼ਦਸ਼ਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਵਾਸੀ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਦੀ ਸੜੀ ਹੋਈ ਕਾਰ ਵਿੱਚੋਂ ਲਾਸ਼ ਮਿਲੀ ਹੈ, ਜਿਸ ਨੂੰ ਪੁਲਿਸ ਨਿਸ਼ਾਨਾ ਬਣਾ ਕੇ ਕੀਤਾ ਕਤਲ ਮੰਨ ਰਹੀ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਇਲਾਕੇ ਵਿੱਚ ਇੱਕ ਸੜੀ ਹੋਈ ਕਾਰ ਵਿੱਚੋਂ 25 ਸਾਲਾ ਭਾਰਤੀ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਤੁਸ਼ਾਰ ਸ਼ਰਮਾ ਵਜੋਂ ਹੋਈ ਹੈ, ਜੋ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦਾ ਸੀ।
ਪੁਲਿਸ ਮੁਤਾਬਕ ਇਹ ਘਟਨਾ 29 ਅਕਤੂਬਰ ਦੀ ਰਾਤ ਕਰੀਬ ਸਾਢੇ ਦਸ ਵਜੇ ਲੈਂਗਲੀ ਦੇ ਰਾਵਲਿਸਨ ਕ੍ਰਿਸੈਂਟ ਇਲਾਕੇ ਵਿੱਚ 23300 ਬਲਾਕ ਨੇੜੇ ਵਾਪਰੀ। ਉੱਥੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਸੀ।
ਅੱਗ ਬੁਝਾਉਣ ਤੋਂ ਬਾਅਦ ਵਾਹਨ ਦੇ ਅੰਦਰੋਂ ਮਨੁੱਖੀ ਅਵਸ਼ੇਸ਼ ਮਿਲੇ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲ ਹੋ ਸਕਦਾ ਹੈ ਅਤੇ ਵਾਰਦਾਤ ਦੇ ਸਬੂਤ ਮਿਟਾਉਣ ਲਈ ਕਾਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਕੈਨੇਡਾ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਇਸ ਜਾਂਚ ਵਿੱਚ ਲੈਂਗਲੀ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ, ਫੋਰੈਂਸਿਕ ਮਾਹਰ ਅਤੇ ਬ੍ਰਿਟਿਸ਼ ਕੋਲੰਬੀਆ ਕੋਰੋਨਰਜ਼ ਸਰਵਿਸ ਵੀ ਮਿਲ ਕੇ ਕੰਮ ਕਰ ਰਹੇ ਹਨ।
ਜਾਂਚ ਅਧਿਕਾਰੀ ਸਾਰਜੈਂਟ ਫਰੀਡਾ ਫੋਂਗ ਨੇ ਦੱਸਿਆ ਕਿ ਮੁੱਢਲੇ ਸਬੂਤ ਇਸ ਘਟਨਾ ਦੇ ਕਿਸੇ ਨੂੰ ਨਿਸ਼ਾਨਾ ਬਣਾ ਕੇ ਅੰਜਾਮ ਦਿੱਤੇ ਜਾਣ ਵੱਲ ਸੰਕੇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਾਂਚਕਰਤਾ ਕੈਨੇਡਾ ਅਤੇ ਵਿਦੇਸ਼ ਵਿੱਚ ਰਹਿੰਦੇ ਤੁਸ਼ਾਰ ਦੇ ਪਰਿਵਾਰ ਤੇ ਦੋਸਤਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ ਉਸ ਦੀਆਂ ਹਾਲੀਆ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਜਾਂਚ ਟੀਮ ਅਨੁਸਾਰ ਤੁਸ਼ਾਰ ਦਾ ਕੈਨੇਡਾ ਵਿੱਚ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਪੁਲਿਸ ਹੁਣ ਉਸ ਦੇ ਨਿੱਜੀ ਸੰਪਰਕਾਂ, ਰੋਜ਼ਾਨਾ ਦੇ ਰੁਟੀਨ ਅਤੇ ਘਟਨਾ ਤੋਂ ਪਹਿਲਾਂ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ।
ਅਹਿਮ ਘਟਨਾਕ੍ਰਮ
- ਸਰੀ ਵਾਸੀ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਦੀ ਲੈਂਗਲੀ 'ਚ ਸੜੀ ਕਾਰ 'ਚੋਂ ਲਾਸ਼ ਮਿਲੀ
- ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮਾਮਲੇ ਦੀ ਕਤਲ ਵਜੋਂ ਕਰ ਰਹੀ ਜਾਂਚ
- ਪੁਲਿਸ ਮੁਤਾਬਕ ਮੁੱਢਲੇ ਸਬੂਤ ਨਿਸ਼ਾਨਾ ਬਣਾ ਕੇ ਵਾਰਦਾਤ ਕਰਨ ਵੱਲ ਕਰਦੇ ਹਨ ਇਸ਼ਾਰਾ



