LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 28 ਨਵੰਬਰ 2026
ਬ੍ਰੇਕਿੰਗਦਿਲਜੀਤ ਦੁਸਾਂਝ ਦੇ ਮੁੰਬਈ ਕੰਸਰਟ ’ਚ ਝੂਮਦੀਆਂ ਨਜ਼ਰ ਆਈਆਂ ਕ੍ਰਿਸ਼ਮਾ ਕਪੂਰ ਅਤੇ ਸਾਨਿਆ ਮਲਹੋਤਰਾ
ਪੰਜਾਬ

ਗੁਰਦਾਸਪੁਰ 'ਚ ਨਿਸ਼ਾਨ ਸਾਹਿਬ ਹਟਾਉਣ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰਦਾਸਪੁਰ ਦੇ ਪਿੰਡ ਡੱਲਾ ਮੋੜ ਕਾਦੀਆਂ ਵਿੱਚ ਨਿਸ਼ਾਨ ਸਾਹਿਬ ਹਟਾਉਣ ਦੀ ਸ਼ਿਕਾਇਤ 'ਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਦੋ ਹਫ਼ਤਿਆਂ 'ਚ ਰਿਪੋਰਟ ਤਲਬ ਕੀਤੀ ਹੈ।

ਗੁਰਦਾਸਪੁਰ 'ਚ ਨਿਸ਼ਾਨ ਸਾਹਿਬ ਹਟਾਉਣ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ
ਪੰਜਾਬ ਟੈਲੀਵਿਜ਼ਨ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੱਲਾ ਮੋੜ ਕਾਦੀਆਂ ਵਿਖੇ ਨਿਸ਼ਾਨ ਸਾਹਿਬ ਹਟਾਏ ਜਾਣ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਘਟਨਾ ਦੀ ਪੜਤਾਲ ਲਈ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਨਿਰਦੇਸ਼ ਜਾਰੀ ਕਰਦਿਆਂ ਦੋ ਹਫ਼ਤਿਆਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਐਨਐਚਆਰਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਦੀ ਪ੍ਰਧਾਨਗੀ ਹੇਠਲੇ ਬੈਂਚ ਨੇ ਦੋਵਾਂ ਉੱਚ ਅਧਿਕਾਰੀਆਂ ਨੂੰ ਨਿਸ਼ਾਨ ਸਾਹਿਬ ਹਟਾਉਣ ਦੀ ਇਜਾਜ਼ਤ ਦੇਣ ਵਾਲੇ ਕਿਸੇ ਸਮਰੱਥ ਅਧਿਕਾਰੀ ਦੇ ਹੁਕਮ ਜਾਂ ਅਰਜ਼ੀ ਦੀ ਤਸਦੀਕਸ਼ੁਦਾ ਕਾਪੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਬੈਂਚ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਅਜਿਹਾ ਕੋਈ ਸਰਕਾਰੀ ਹੁਕਮ ਮੌਜੂਦ ਨਹੀਂ ਹੈ, ਤਾਂ ਅਧਿਕਾਰੀ ਇਹ ਸਪੱਸ਼ਟ ਕਰਨ ਕਿ ਸਰਕਾਰੀ ਮਸ਼ੀਨਰੀ ਕਿਨ੍ਹਾਂ ਹਾਲਾਤਾਂ ਵਿੱਚ ਵਰਤੀ ਗਈ ਅਤੇ ਮਾਮਲੇ ਵਿੱਚ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ।

ਮਿਲੀ ਸ਼ਿਕਾਇਤ ਅਨੁਸਾਰ ਇੱਕ ਸਥਾਨਕ ਕਿਸਾਨ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਉਸਾਰੀ ਲਈ ਆਪਣੀ 10 ਮਰਲੇ ਜ਼ਮੀਨ ਦਾਨ ਵਜੋਂ ਦਿੱਤੀ ਸੀ। ਇਸ ਮਗਰੋਂ ਸਿੱਖ ਸੰਗਤ ਨੇ ਗੁਰਮਤਿ ਮਰਿਆਦਾ ਅਤੇ ਸਿੱਖ ਰਵਾਇਤਾਂ ਅਨੁਸਾਰ ਉਸ ਸਥਾਨ 'ਤੇ ਪਵਿੱਤਰ ਨਿਸ਼ਾਨ ਸਾਹਿਬ ਝੁਲਾਇਆ ਸੀ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ ਵਿਰੋਧੀ ਧਿਰ ਨੇ ਸਿਆਸੀ ਸ਼ਹਿ ਹੇਠ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਨਿਸ਼ਾਨ ਸਾਹਿਬ ਹਟਾ ਦਿੱਤਾ, ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।

ਕਮਿਸ਼ਨ ਅਨੁਸਾਰ ਪਹਿਲੀ ਨਜ਼ਰੇ ਇਹ ਦੋਸ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਜਾਪਦੇ ਹਨ। ਬੈਂਚ ਨੇ ਮਨੁੱਖੀ ਅਧਿਕਾਰ ਸੁਰੱਖਿਆ ਕਾਨੂੰਨ, 1993 ਦੀ ਧਾਰਾ 12 ਅਧੀਨ ਮਾਮਲੇ ਦਾ ਨੋਟਿਸ ਲੈਂਦਿਆਂ ਧਾਰਮਿਕ ਆਜ਼ਾਦੀ ਦੇ ਸੰਵਿਧਾਨਕ ਹੱਕ ਅਤੇ ਸਿੱਖ ਧਾਰਮਿਕ ਪ੍ਰਤੀਕਾਂ ਦੀ ਸੁਰੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ।

ਅਹਿਮ ਘਟਨਾਕ੍ਰਮ

  • ਗੁਰਦਾਸਪੁਰ ਦੇ ਪਿੰਡ ਡੱਲਾ ਮੋੜ ਕਾਦੀਆਂ 'ਚ ਨਿਸ਼ਾਨ ਸਾਹਿਬ ਹਟਾਉਣ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ।
  • ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਦੋ ਹਫ਼ਤਿਆਂ ਅੰਦਰ ਜਾਂਚ ਰਿਪੋਰਟ ਸੌਂਪਣ ਦੇ ਹੁਕਮ।
  • ਕਾਰਵਾਈ ਲਈ ਅਧਿਕਾਰਤ ਹੁਕਮਾਂ ਦੀ ਕਾਪੀ ਜਾਂ ਸਰਕਾਰੀ ਮਸ਼ੀਨਰੀ ਵਰਤਣ ਦੇ ਹਾਲਾਤ ਦੱਸਣ ਦੇ ਨਿਰਦੇਸ਼।
  • ਸ਼ਿਕਾਇਤ ਮੁਤਾਬਕ ਲੰਗਰ ਹਾਲ ਲਈ ਦਾਨ ਕੀਤੀ ਜ਼ਮੀਨ 'ਤੇ ਲਗਾਇਆ ਨਿਸ਼ਾਨ ਸਾਹਿਬ ਸਿਆਸੀ ਸ਼ਹਿ ਨਾਲ ਹਟਾਇਆ ਗਿਆ।