LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਪੰਜਾਬ

ਪਟਿਆਲਾ ਕੋਲ ਭਾਖੜਾ ਨਹਿਰ 'ਤੇ ਪੁਲ ਡਿੱਗਣ ਮਗਰੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ, ਕੋਈ ਜਾਨੀ ਨੁਕਸਾਨ ਨਹੀਂ

ਪਟਿਆਲਾ ਬਾਈਪਾਸ ਉੱਤੇ ਭਾਖੜਾ ਨਹਿਰ ਦਾ ਲੋਹੇ ਵਾਲਾ ਪੁਲ ਅਚਾਨਕ ਟੁੱਟ ਕੇ ਡਿੱਗ ਪਿਆ, ਜਿਸ ਕਾਰਨ ਦੋ ਟਰੱਕ ਹੇਠਾਂ ਫਸ ਗਏ। ਡਿਪਟੀ ਕਮਿਸ਼ਨਰ ਨੇ ਪੂਰੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਕਰਵਾਉਣ ਅਤੇ ਆਰਜ਼ੀ ਪੁਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਪਟਿਆਲਾ ਕੋਲ ਭਾਖੜਾ ਨਹਿਰ 'ਤੇ ਪੁਲ ਡਿੱਗਣ ਮਗਰੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ, ਕੋਈ ਜਾਨੀ ਨੁਕਸਾਨ ਨਹੀਂ
ਪੰਜਾਬ ਟੈਲੀਵਿਜ਼ਨ

ਪਟਿਆਲਾ-ਸੰਗਰੂਰ ਬਾਈਪਾਸ 'ਤੇ ਪਿੰਡ ਪਸਿਆਣਾ ਕੋਲ ਭਾਖੜਾ ਮੇਨ ਲਾਈਨ ਨਹਿਰ ਉੱਤੇ ਬਣਿਆ 60 ਮੀਟਰ ਲੰਮਾ ਸਟੀਲ ਦਾ ਪੁਲ ਵੀਰਵਾਰ ਸਵੇਰੇ ਅਚਾਨਕ ਢਹਿ ਗਿਆ। ਪੁਲ ਟੁੱਟਣ ਵੇਲੇ ਉੱਤੋਂ ਲੰਘ ਰਹੇ ਦੋ ਟਰੱਕ ਨਹਿਰ ਵਿੱਚ ਜਾ ਲਟਕੇ। ਇਨ੍ਹਾਂ ਵਿੱਚੋਂ ਇੱਕ ਵਾਹਨ ਨੂੰ ਅੱਗ ਲੱਗ ਗਈ, ਜਿਸ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਬੂ ਪਾਇਆ।

ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿੱਚ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ। ਦੋਵਾਂ ਚਾਲਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ, ਜਿਨ੍ਹਾਂ ਵਿੱਚੋਂ ਲੱਤ ਦੀ ਸੱਟ ਕਾਰਨ ਇੱਕ ਚਾਲਕ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਭੇਜਿਆ ਗਿਆ।

ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਮਗਰੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੁਲ ਦੇ ਅਚਾਨਕ ਡਿੱਗਣ ਦੇ ਕਾਰਨਾਂ ਦੀ ਪੜਤਾਲ ਲਈ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਸਿੰਚਾਈ ਵਿਭਾਗ ਨੇ ਨਹਿਰ ਅੰਦਰ ਪਾਣੀ ਦਾ ਵਹਾਅ ਘੱਟ ਕਰ ਦਿੱਤਾ ਹੈ ਤਾਂ ਜੋ ਪਟੜੀਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਹੋਰ ਖੁਰਨ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਐੱਨਐੱਚਏਆਈ ਨੇ ਮਲਬਾ ਹਟਾਉਣ ਅਤੇ ਮਾਹਿਰਾਂ ਦੀ ਕਮੇਟੀ ਰਾਹੀਂ ਤਕਨੀਕੀ ਕਾਰਨਾਂ ਦੀ ਪੜਤਾਲ ਕਰਵਾਉਣ ਦੀ ਕਵਾਇਦ ਵਿੱਢ ਦਿੱਤੀ ਹੈ।

ਪ੍ਰਸ਼ਾਸਨ ਨੇ ਦੱਸਿਆ ਕਿ ਸੜਕੀ ਆਵਾਜਾਈ ਨੂੰ ਤੁਰੰਤ ਬਹਾਲ ਕਰਨ ਲਈ 60 ਮੀਟਰ ਦਾ ਆਰਜ਼ੀ ਬੇਲੀ ਪੁਲ ਲਾਉਣ ਦੀ ਯੋਜਨਾ ਹੈ। ਉਦੋਂ ਤੱਕ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੱਡੀਆਂ ਦਾ ਰੂਟ ਸਰਵਿਸ ਰੋਡ ਅਤੇ ਸ਼ਹਿਰ ਦੇ ਅੰਦਰੋਂ ਮੋੜ ਦਿੱਤਾ ਗਿਆ ਹੈ।

ਅਹਿਮ ਘਟਨਾਕ੍ਰਮ

  • ਪਸਿਆਣਾ ਨੇੜੇ ਭਾਖੜਾ ਨਹਿਰ 'ਤੇ 60 ਮੀਟਰ ਸਟੀਲ ਦਾ ਪੁਲ ਢਹਿ ਗਿਆ
  • ਦੋ ਟਰੱਕ ਹਾਦਸੇ ਦਾ ਸ਼ਿਕਾਰ ਹੋਏ ਅਤੇ ਇੱਕ ਨੂੰ ਅੱਗ ਲੱਗੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ
  • ਡਿਪਟੀ ਕਮਿਸ਼ਨਰ ਵੱਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਅਤੇ ਐੱਨਐੱਚਏਆਈ ਤੋਂ ਰਿਪੋਰਟ ਤਲਬ
  • ਆਵਾਜਾਈ ਬਹਾਲ ਕਰਨ ਲਈ ਆਰਜ਼ੀ ਬੇਲੀ ਪੁਲ ਲਾਉਣ ਦੀ ਤਿਆਰੀ