ਪੰਜਾਬ ਭਰ ਦੇ ਪੁਲਾਂ ਦਾ ਹੋਵੇਗਾ ਸੁਰੱਖਿਆ ਆਡਿਟ, ਲੋਕ ਨਿਰਮਾਣ ਮੰਤਰੀ ਨੇ ਦਿੱਤੇ ਹੁਕਮ
ਪਟਿਆਲਾ ਵਿੱਚ ਪੁਲ ਡਿੱਗਣ ਮਗਰੋਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਪੁਲਾਂ ਦੀ ਵਿਆਪਕ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਹਨ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਖ਼ਾਸ ਕਰਕੇ ਪੁਰਾਣੇ ਤੇ ਕਮਜ਼ੋਰ ਪੁਲਾਂ ਲਈ ਮਾਹਰਾਂ ਦੀਆਂ ਸੇਵਾਵਾਂ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਪਟਿਆਲਾ ਜ਼ਿਲ੍ਹੇ ਵਿੱਚ ਪੁਲ ਡਿੱਗਣ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ ਪੁਲਾਂ ਦੀ ਵਿਆਪਕ ਸੁਰੱਖਿਆ ਜਾਂਚ ਅਤੇ ਆਡਿਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਦੇ ਸਮੂਹ ਸੀਨੀਅਰ ਫੀਲਡ ਇੰਜੀਨੀਅਰਿੰਗ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਪੁਲਾਂ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਇੱਕ ਸਮੀਖਿਆ ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਰਾਹਗੀਰਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੁਲਾਂ ਦੀਆਂ ਨੀਹਾਂ, ਥੰਮ੍ਹਾਂ (ਪੀਅਰਜ਼), ਐਬਟਮੈਂਟਾਂ, ਡੈੱਕਾਂ ਅਤੇ ਹੋਰ ਅਹਿਮ ਹਿੱਸਿਆਂ ਦੀ ਮਜ਼ਬੂਤੀ ਦੀ ਬਾਰੀਕੀ ਨਾਲ ਪਰਖ ਕੀਤੀ ਜਾਵੇ। ਜੇਕਰ ਕਿਸੇ ਵੀ ਪੁਲ ਵਿੱਚ ਦਰਾਰਾਂ ਜਾਂ ਕਮਜ਼ੋਰੀ ਦੇ ਲੱਛਣ ਦਿਸਣ ਤਾਂ ਤੁਰੰਤ ਲੋੜੀਂਦੇ ਬਚਾਅ ਕਦਮ ਚੁੱਕੇ ਜਾਣ।
ਲੋਕ ਨਿਰਮਾਣ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਪੁਰਾਣੇ ਅਤੇ ਸੰਵੇਦਨਸ਼ੀਲ ਪੁਲਾਂ ਦੀ ਡੂੰਘਾਈ ਨਾਲ ਜਾਂਚ ਅਤੇ ਨਾਨ-ਡਿਸਟ੍ਰਕਟਿਵ ਟੈਸਟਿੰਗ ਕਰਵਾਉਣ ਲਈ ਮਾਹਰ ਏਜੰਸੀਆਂ, ਨਾਮਵਰ ਤਕਨੀਕੀ ਅਦਾਰਿਆਂ ਜਾਂ ਸਟਰੱਕਚਰਲ ਇੰਜੀਨੀਅਰਾਂ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਕਿਹਾ ਕਿ ਇਹ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਅਤੇ ਮੁਰੰਮਤ ਨਾਲ ਜੁੜੀਆਂ ਸਿਫ਼ਾਰਸ਼ਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਦੱਸਣਯੋਗ ਹੈ ਕਿ 19 ਨਵੰਬਰ ਨੂੰ ਪਟਿਆਲਾ-ਸੰਗਰੂਰ ਮੁੱਖ ਮਾਰਗ ਉੱਤੇ ਪਿੰਡ ਪਸੀਆਣਾ ਨੇੜੇ ਭਾਖੜਾ ਮੇਨ ਲਾਈਨ ਨਹਿਰ 'ਤੇ ਬਣਿਆ 60 ਮੀਟਰ ਲੰਮਾ ਸਟੀਲ ਟਰੱਸ ਪੁਲ ਅਚਾਨਕ ਡਿੱਗ ਗਿਆ ਸੀ। ਇਹ ਪੁਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਸਾਲ 2016 ਵਿੱਚ ਤਿਆਰ ਕੀਤਾ ਸੀ, ਜਿਸ ਤੋਂ ਬਾਅਦ ਪੁਲਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਸੀ।
ਮੀਟਿੰਗ ਦੌਰਾਨ ਮੰਤਰੀ ਨੇ ਸੂਬੇ ਦੇ ਰਾਜਮਾਰਗਾਂ ਅਤੇ ਸੰਪਰਕ ਸੜਕਾਂ ਦੇ ਚੱਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਐੱਮਜੀਐੱਸਵਾਈ ਅਤੇ ਨਾਬਾਰਡ ਸਮੇਤ ਵੱਖ-ਵੱਖ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕੀਤੇ ਜਾਣ ਅਤੇ ਸਰਦੀਆਂ ਵਿੱਚ ਧੁੰਦ ਦੌਰਾਨ ਹਾਦਸਿਆਂ ਤੋਂ ਬਚਾਅ ਲਈ ਸੜਕਾਂ 'ਤੇ ਲੇਨ ਮਾਰਕਿੰਗ ਤੇ ਸੁਰੱਖਿਆ ਚਿੰਨ੍ਹ ਲਾਉਣ ਦਾ ਕੰਮ ਪੂਰਾ ਕੀਤਾ ਜਾਵੇ। ਇਸ ਮੌਕੇ ਲੋਕ ਨਿਰਮਾਣ ਸਕੱਤਰ ਰਵੀ ਭਗਤ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਅਹਿਮ ਘਟਨਾਕ੍ਰਮ
- ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ ਪੁਲਾਂ ਦੀ ਸੁਰੱਖਿਆ ਜਾਂਚ ਦੇ ਦਿੱਤੇ ਰਸਮੀ ਹੁਕਮ
- ਪੁਰਾਣੇ ਤੇ ਕਮਜ਼ੋਰ ਪੁਲਾਂ ਲਈ ਮਾਹਰ ਏਜੰਸੀਆਂ ਅਤੇ ਤਕਨੀਕੀ ਅਦਾਰਿਆਂ ਦੀ ਲਈ ਜਾਵੇਗੀ ਮਦਦ
- ਪਟਿਆਲਾ-ਸੰਗਰੂਰ ਮਾਰਗ 'ਤੇ 19 ਨਵੰਬਰ ਨੂੰ ਡਿੱਗ ਗਿਆ ਸੀ 2016 ਵਿੱਚ ਬਣਿਆ ਪੁਲ



