LIVE TV
ਤਾਜ਼ਾ ਖ਼ਬਰਾਂ
ਮੰਗਲਵਾਰ, 24 ਨਵੰਬਰ 2026
ਰਾਜਨੀਤੀ

ਮੋਗਾ ਰੈਲੀ ਰਾਹੀਂ 2027 ਦੀ ਚੋਣ ਮੁਹਿੰਮ ਸ਼ੁਰੂ ਕਰੇਗੀ ‘ਆਪ’, ਕੇਜਰੀਵਾਲ ਤੇ ਮਾਨ ਕਰਨਗੇ ਸੰਬੋਧਨ

ਆਮ ਆਦਮੀ ਪਾਰਟੀ ਵੱਲੋਂ 26 ਨਵੰਬਰ ਨੂੰ ਮੋਗਾ ਵਿਖੇ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਕੀਤੀ ਜਾ ਰਹੀ ਹੈ। ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਵਾਲੇ ਇਸ ਇਕੱਠ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਵਿੱਢੀ ਜਾਵੇਗੀ।

ਮੋਗਾ ਰੈਲੀ ਰਾਹੀਂ 2027 ਦੀ ਚੋਣ ਮੁਹਿੰਮ ਸ਼ੁਰੂ ਕਰੇਗੀ ‘ਆਪ’, ਕੇਜਰੀਵਾਲ ਤੇ ਮਾਨ ਕਰਨਗੇ ਸੰਬੋਧਨ
ਪੰਜਾਬ ਟੈਲੀਵਿਜ਼ਨ

ਆਮ ਆਦਮੀ ਪਾਰਟੀ ਨੇ 26 ਨਵੰਬਰ ਨੂੰ ਮੋਗਾ ਜ਼ਿਲ੍ਹੇ ਅੰਦਰ ਜੀਟੀ ਰੋਡ ਉੱਤੇ ਪੈਂਦੇ ਪਿੰਡ ਮਟਵਾਣੀ ਵਿਖੇ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਰੱਖੀ ਗਈ ਇਸ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਲਈ 116 ਏਕੜ ਜ਼ਮੀਨ ਉੱਤੇ ਵਿਸ਼ਾਲ ਪੰਡਾਲ ਸਜਾਇਆ ਜਾ ਰਿਹਾ ਹੈ।

ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਚ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਲੋਕਾਂ ਅੱਗੇ ਰੱਖਿਆ ਜਾਵੇਗਾ।

ਧਾਲੀਵਾਲ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਔਰਤਾਂ ਲਈ ਬੱਸ ਸਫ਼ਰ, 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਅਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਵਰਗੇ ਵਾਅਦੇ ਅਮਲ ਵਿੱਚ ਲਿਆਂਦੇ ਹਨ। ਉਨ੍ਹਾਂ ਵਿਰੋਧੀ ਧਿਰਾਂ ਉੱਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਅਤੇ ਰਵਾਇਤੀ ਪਾਰਟੀਆਂ ਸਿਰਫ਼ ਪਰਿਵਾਰਵਾਦ ਤੱਕ ਸੀਮਤ ਹਨ।

ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਇਹ ਸਮਾਗਮ ਸਰਕਾਰ ਦੀਆਂ ਪ੍ਰਾਪਤੀਆਂ ਦੀ ਪੜਚੋਲ ਕਰਨ ਅਤੇ ਲੋਕਾਂ ਨੂੰ ਭਵਿੱਖੀ ਯੋਜਨਾਵਾਂ ਤੋਂ ਜਾਣੂ ਕਰਵਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਣ ਵਾਲੇ ਇਸ ਇਕੱਠ ਵਿੱਚ ਸੂਬੇ ਦੇ ਵਿਕਾਸ ਨਾਲ ਜੁੜੇ ਕਈ ਨਵੇਂ ਐਲਾਨ ਵੀ ਹੋ ਸਕਦੇ ਹਨ।

ਦੂਜੇ ਪਾਸੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਰਕਰਾਂ ਨੂੰ ਲਾਮਬੰਦ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁਨ ਅਤੇ ਅੰਮ੍ਰਿਤਸਰ ਸ਼ਹਿਰੀ ਇਕਾਈ ਦੇ ਪ੍ਰਧਾਨ ਸਰਬਜੋਤ ਸਿੰਘ ਧੰਜਲ ਨੇ ਦੱਸਿਆ ਕਿ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਧੰਜਲ ਮੁਤਾਬਕ ਕੇਜਰੀਵਾਲ ਅਤੇ ਮਾਨ ਤੋਂ ਇਲਾਵਾ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੰਚ ਉੱਤੇ ਹਾਜ਼ਰ ਰਹੇਗੀ।

ਅਹਿਮ ਘਟਨਾਕ੍ਰਮ

  • ਮੋਗਾ ਨੇੜਲੇ ਪਿੰਡ ਮਟਵਾਣੀ ਵਿੱਚ 26 ਨਵੰਬਰ ਨੂੰ ਹੋਵੇਗੀ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’
  • ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ 2027 ਦੀਆਂ ਚੋਣਾਂ ਦਾ ਬਿਗੁਲ ਵਜਾਇਆ ਜਾਵੇਗਾ
  • ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸੰਬੋਧਨ
  • ਮੁੱਖ ਜੀਟੀ ਰੋਡ ਉੱਤੇ 116 ਏਕੜ ਰਕਬੇ ਵਿੱਚ ਤਿਆਰ ਕੀਤਾ ਗਿਆ ਪੰਡਾਲ