ਹਰਿਆਣਾ ’ਚ ਗੰਨੇ ਦੇ ਭਾਅ ਲਈ ਕਿਸਾਨ ਇਕਜੁੱਟ, 2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ
ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਵਾਉਣ ਲਈ ਹਰਿਆਣਾ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ‘ਹਰਿਆਣਾ ਸਾਂਝਾ ਸੰਘਰਸ਼ ਮੋਰਚਾ’ ਕਾਇਮ ਕਰ ਲਿਆ ਹੈ।

ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਸਰਕਾਰ ਖ਼ਿਲਾਫ਼ ਗੰਨੇ ਦੇ ਰੇਟ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਵੱਖ-ਵੱਖ ਧੜਿਆਂ ਦੇ ਕਿਸਾਨ ਆਗੂ ਇਕੱਠੇ ਹੋ ਗਏ ਹਨ। ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਕਿਸਾਨ ਆਗੂਆਂ ਨੇ ‘ਹਰਿਆਣਾ ਸਾਂਝਾ ਸੰਘਰਸ਼ ਮੋਰਚਾ’ ਬਣਾਉਣ ਦਾ ਐਲਾਨ ਕੀਤਾ। ਸਾਲ 2020-21 ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਕਿਸਾਨ ਆਗੂ ਇੱਕ ਮੰਚ ’ਤੇ ਇਕੱਠੇ ਹੋਏ ਹਨ।
ਇਸ ਇਕੱਠ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਟਿਕੈਤ ਗਰੁੱਪ ਦੇ ਰਤਨ ਮਾਨ ਸਮੇਤ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਸਰਕਾਰ ਤੋਂ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਸਾਂਝੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਗਿਆ। ਹਾਲ ਹੀ ਵਿੱਚ ਸਰਕਾਰ ਵੱਲੋਂ ਭਾਅ ਵਿੱਚ 15 ਰੁਪਏ ਦਾ ਵਾਧਾ ਕਰਕੇ ਇਸ ਨੂੰ 430 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ, ਜਿਸ ਤੋਂ ਕਿਸਾਨ ਨਾਖ਼ੁਸ਼ ਹਨ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਸੂਬੇ ਭਰ ਦੀਆਂ ਖੰਡ ਮਿੱਲਾਂ ਬੰਦ ਕਰਵਾਉਣ ਦੇ ਫ਼ੈਸਲੇ ਦਾ ਸਾਥ ਦੇਣਗੀਆਂ। ਇਸ ਤੋਂ ਇਲਾਵਾ 2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਵੀ ਸਾਰੇ ਕਿਸਾਨ ਸਰਗਰਮੀ ਨਾਲ ਸ਼ਾਮਲ ਹੋਣਗੇ।
ਟਿਕੈਤ ਗਰੁੱਪ ਦੇ ਆਗੂ ਰਤਨ ਮਾਨ ਨੇ ਦੱਸਿਆ ਕਿ ਭਵਿੱਖ ਵਿੱਚ ਕਿਸਾਨੀ ਹਿੱਤਾਂ ਨਾਲ ਜੁੜੇ ਸਾਰੇ ਅੰਦੋਲਨ ‘ਹਰਿਆਣਾ ਸਾਂਝਾ ਸੰਘਰਸ਼ ਮੋਰਚਾ’ ਦੇ ਬੈਨਰ ਹੇਠ ਲੜੇ ਜਾਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਖ ਹੋਣ ਦੇ ਬਾਵਜੂਦ ਕਿਸਾਨੀ ਮੰਗਾਂ ਸਭ ਤੋਂ ਅਹਿਮ ਹਨ ਅਤੇ ਹੁਣ 2020 ਦੇ ਦਿੱਲੀ ਮੋਰਚੇ ਵਾਂਗ ਇਕਜੁੱਟ ਹੋ ਕੇ ਤਾਕਤ ਦਿਖਾਈ ਜਾਵੇਗੀ।
ਕਿਸਾਨਾਂ ਨੇ ਸੂਬੇ ਦੀਆਂ 14 ਖੰਡ ਮਿੱਲਾਂ ’ਤੇ ਪ੍ਰਦਰਸ਼ਨ ਕਰਨ, ਗੰਨੇ ਦੀ ਕਟਾਈ ਠੱਪ ਕਰਨ ਅਤੇ ਮਿੱਲਾਂ ਨੂੰ ਜਿੰਦਰੇ ਲਾਉਣ ਦੀ ਰਣਨੀਤੀ ਉਲੀਕੀ ਹੈ। ਇਸ ਦੇ ਨਾਲ ਹੀ ਯਮੁਨਾਨਗਰ ਦੇ ਰਦੌਰ ਕਸਬੇ ਵਿੱਚ ਟਿਕੈਤ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਘਰ ਬਾਹਰ ਕਿਸਾਨਾਂ ਦਾ ਪੱਕਾ ਧਰਨਾ ਪਹਿਲਾਂ ਹੀ ਜਾਰੀ ਹੈ।
ਅਹਿਮ ਘਟਨਾਕ੍ਰਮ
- ਹਰਿਆਣਾ ਦੇ ਕਿਸਾਨ ਆਗੂਆਂ ਨੇ ਨਵਾਂ ਮੰਚ 'ਹਰਿਆਣਾ ਸਾਂਝਾ ਸੰਘਰਸ਼ ਮੋਰਚਾ' ਬਣਾਇਆ
- ਸਰਕਾਰ ਤੋਂ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ
- 2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
- ਸੂਬੇ ਦੀਆਂ 14 ਖੰਡ ਮਿੱਲਾਂ ਨੂੰ ਬੰਦ ਕਰਨ ਅਤੇ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਜਾਰੀ ਰੱਖਣ ਦਾ ਫ਼ੈਸਲਾ



