ਪੰਜਾਬ ਸਰਕਾਰ ਦਾ ਧਿਆਨ ਹੁਣ ਮੈਡੀਕਲ ਕਾਲਜਾਂ ਵੱਲ ਕੇਂਦਰਿਤ ਹੋ ਗਿਆ ਹੈ। ਹੋਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਬਣ ਰਹੇ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ। ਇਸਦੇ ਨਾਲ ਹੀ ਮਲੇਰਕੋਟਲਾ ਵਿੱਚ ਬਣ ਰਹੇ ਕਮਿਊਨਿਟੀ ਮੈਡੀਕਲ ਕਾਲਜ ਲਈ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਅਖੀਰਲੇ ਪੜਾਅ ਵਿੱਚ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਈਦ ਦੇ ਮੌਕੇ ‘ਤੇ ਲੋਕਾਂ ਨੂੰ ਤੋਹਫ਼ਾ ਦਿੱਤਾ ਜਾਵੇਗਾ ਅਤੇ 28 ਮਾਰਚ ਨੂੰ 100 ਨਵੇਂ ਮੋਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ।
ਸਿਹਤ ਸੇਵਾਵਾਂ ‘ਤੇ ਸਰਕਾਰ ਦਾ ਜ਼ੋਰ
ਚੰਡੀਗੜ੍ਹ ਵਿੱਚ ਸਿਹਤ ਵਿਭਾਗ ਦੇ ਚਾਰ ਸਾਲਾਂ ਦੀ ਰਿਪੋਰਟ ਪੇਸ਼ ਕਰਦੇ ਹੋਏ CM ਮਾਨ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਦਵਾਈ ਦੀ ਘਾਟ ਹੁੰਦੀ ਹੈ ਤਾਂ SMO ਨੂੰ ਉਹ ਖਰੀਦਣ ਲਈ ਫੰਡ ਦਿੱਤੇ ਗਏ ਹਨ। ਜੇ ਇਹ ਸੁਵਿਧਾ ਨਹੀਂ ਮਿਲਦੀ ਤਾਂ ਸੰਬੰਧਿਤ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਇਲਾਜ ਮੁਫ਼ਤ ਹੈ ਅਤੇ ਮਰੀਜ਼ਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਜਿਨ੍ਹਾਂ ਲੋਕਾਂ ਦੇ ਨਾਮ ਕਾਰਡ ਵਿੱਚ ਦਰਜ ਹਨ, ਉਹਨਾਂ ਦਾ ਪੂਰਾ ਇਲਾਜ ਕੀਤਾ ਜਾਵੇਗਾ।
1400 ਤੱਕ ਪਹੁੰਚਣਗੇ ਆਮ ਆਦਮੀ ਕਲੀਨਿਕ
CM ਮਾਨ ਨੇ ਦੱਸਿਆ ਕਿ ਇਸ ਵੇਲੇ ਰਾਜ ਵਿੱਚ 883 ਆਮ ਆਦਮੀ ਕਲੀਨਿਕ ਚੱਲ ਰਹੇ ਹਨ। 28 ਮਾਰਚ ਨੂੰ 100 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਅਤੇ 400 ਹੋਰ ਬਣਾਏ ਜਾ ਰਹੇ ਹਨ, ਜਿਸ ਨਾਲ ਕੁੱਲ ਗਿਣਤੀ 1400 ਤੱਕ ਪਹੁੰਚੇਗੀ।
ਉਨ੍ਹਾਂ ਮੁਤਾਬਕ 94 ਫੀਸਦੀ ਮਰੀਜ਼ਾਂ ਨੇ ਕਲੀਨਿਕ ਸੇਵਾਵਾਂ ‘ਤੇ ਸੰਤੁਸ਼ਟੀ ਜਤਾਈ ਹੈ। ਕਲੀਨਿਕਾਂ ਦੀ OPD ਗਿਣਤੀ 5 ਕਰੋੜ ਤੋਂ ਪਾਰ ਕਰ ਗਈ ਹੈ, ਜਿਸ ਵਿੱਚ 1.69 ਕਰੋੜ ਖ਼ਾਸ ਬਿਮਾਰੀਆਂ ਵਾਲੇ ਮਰੀਜ਼ ਸ਼ਾਮਲ ਹਨ। ਕਰੀਬ 30 ਹਜ਼ਾਰ ਗਰਭਵਤੀ ਮਹਿਲਾਵਾਂ ਦਾ ਚੈਕਅਪ ਵੀ ਕੀਤਾ ਗਿਆ ਹੈ।
ਵਿਰੋਧੀਆਂ ‘ਤੇ ਨਿਸ਼ਾਨਾ
CM ਮਾਨ ਨੇ ਵਿਰੋਧੀਆਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਜੋ ਆਪਣੇ ਆਪ ਨੂੰ ਪਾਣੀ ਦੇ ਰਖਵਾਲੇ ਕਹਿੰਦੇ ਸਨ, ਉਹ ਆਪਣੇ ਸਮੇਂ ਵਿੱਚ ਪਾਣੀ ਸੰਭਾਲ ਨਹੀਂ ਸਕੇ।
ਰਾਜਸਥਾਨ ਤੋਂ ਰੌਇਲਟੀ ਦਾ ਮਸਲਾ
ਉਨ੍ਹਾਂ ਨੇ ਕਿਹਾ ਕਿ 1960 ਤੋਂ ਬਾਅਦ ਰਾਜਸਥਾਨ ਨੇ ਪਾਣੀ ਦੇ ਬਦਲੇ ਕੋਈ ਰੌਇਲਟੀ ਨਹੀਂ ਦਿੱਤੀ, ਜੋ ਹੁਣ 1.44 ਕਰੋੜ ਲੱਖ ਬਣਦੀ ਹੈ। ਪਹਿਲਾਂ ਇਹ ਭੁਗਤਾਨ ਹੁੰਦਾ ਸੀ ਅਤੇ ਇਹ ਪ੍ਰਣਾਲੀ 1920 ਤੋਂ ਚੱਲ ਰਹੀ ਸੀ।
CM ਨੇ ਦੱਸਿਆ ਕਿ ਇਸ ਸਬੰਧੀ ਰਾਜਸਥਾਨ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਇਹ ਮਸਲਾ ਕੇਂਦਰ ਸਰਕਾਰ ਦੇ ਸਾਹਮਣੇ ਵੀ ਉਠਾਇਆ ਜਾਵੇਗਾ।
