ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਤਹਿਤ ਖੇਡ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕੀਤਾ ਅਤੇ ਦੱਸਿਆ ਕਿ ਸਰਕਾਰ ਦੀ ਖੇਡ ਕ੍ਰਾਂਤੀ ਨਾਲ ਸੂਬੇ ਵਿੱਚ ਵੱਡੇ ਬਦਲਾਅ ਆਏ ਹਨ।
ਉਨ੍ਹਾਂ ਦੱਸਿਆ ਕਿ ਖੇਡ ਬਜਟ 350 ਕਰੋੜ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ ਗਿਆ ਹੈ, ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਹੋ ਗਈ ਹੈ ਅਤੇ ਓਲੰਪਿਕ ਲਈ 15 ਲੱਖ ਤੇ ਏਸ਼ੀਆਈ ਖੇਡਾਂ ਲਈ 8 ਲੱਖ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
ਸੂਬੇ ਵਿੱਚ 3100 ਖੇਡ ਮੈਦਾਨ, 3000 ਜਿੰਮ ਅਤੇ 17000 ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 1.5 ਲੱਖ ਤੋਂ ਵਧ ਕੇ 5 ਲੱਖ ਹੋ ਗਈ ਹੈ।
ਪੰਜਾਬ ਨੂੰ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਮਿਲੀ ਹੈ, ਜਿਸ ਦੇ ਮੈਚ ਮੋਹਾਲੀ ਅਤੇ ਜਲੰਧਰ ਵਿੱਚ ਹੋਣਗੇ। ਇਸਦੇ ਨਾਲ ਹੀ 40 ਸਾਲਾਂ ਬਾਅਦ ਜਲੰਧਰ ਵਿੱਚ ਅੰਡਰ-13 ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵੀ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਪੰਜਾਬ ਦੀ ਖੇਡ ਵਿਰਾਸਤ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਨੂੰ ਯਾਦ ਕੀਤਾ।
ਆਧੁਨਿਕ ਖੇਡਾਂ ਵਿੱਚ ਹਰਮਨਪ੍ਰੀਤ ਸਿੰਘ, ਸ਼ੁਭਮਨ ਗਿੱਲ, ਹਰਮਨਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਦੀ ਉਪਲਬਧੀਆਂ ਨੂੰ ਉਜਾਗਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਏਸ਼ੀਆਈ ਖੇਡਾਂ 2023 ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਤਗਮੇ ਜਿੱਤੇ, ਜਦਕਿ ਪੈਰਿਸ ਓਲੰਪਿਕ 2024 ਵਿੱਚ ਵੀ ਪੰਜਾਬੀ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਜਿੱਤਿਆ।
ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ, ਇਨਾਮੀ ਰਾਸ਼ੀ (ਲਗਭਗ 100 ਕਰੋੜ) ਅਤੇ ਡਾਇਟ ਅਲਾਊਂਸ 240 ਤੋਂ ਵਧਾ ਕੇ 480 ਰੁਪਏ ਕੀਤਾ ਗਿਆ ਹੈ।
ਇਸ ਤੋਂ ਇਲਾਵਾ 1350 ਕਰੋੜ ਨਾਲ ਮੈਦਾਨ, 101.8 ਕਰੋੜ ਨਾਲ ਜਿੰਮ ਅਤੇ 50 ਕਰੋੜ ਨਾਲ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮੋਹਾਲੀ, ਲੁਧਿਆਣਾ ਅਤੇ ਬਠਿੰਡਾ ਵਿੱਚ ਐਸਟਰੋਟਰਫ ਅਤੇ ਹੋਰ ਢਾਂਚਾ ਵੀ ਅੱਪਗ੍ਰੇਡ ਕੀਤਾ ਗਿਆ ਹੈ।
ਅੰਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਨਸ਼ਿਆਂ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹਨ ਅਤੇ ਸਰਕਾਰ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਖੇਡਾਂ ਨੂੰ ਹੋਰ ਵਧਾਵੇਗੀ।
