ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਅੱਤਵਾਦੀਆਂ ਨੇ ਇੱਕ ਵਾਰ ਫਿਰ ਕਾਇਰਾਨਾ ਹਮਲਾ ਕਰਦੇ ਹੋਏ ਇੱਟ-ਭੱਠੇ ‘ਤੇ ਕੰਮ ਕਰ ਰਹੇ ਛੱਤੀਸਗੜ੍ਹ ਦੇ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ। ਇਸ ਹਮਲੇ ਵਿੱਚ ਦੋਵੇਂ ਮਜ਼ਦੂਰਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਲਸ਼ਕਰ-ਏ-ਤੋਇਬਾ ਦੇ ਫਰੰਟ ਸੰਗਠਨ ‘ਦ ਰੈਜ਼ਿਸਟੈਂਸ ਫਰੰਟ’ (TRF) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਅਜਿਹੇ ਹੋਰ ਹਮਲਿਆਂ ਦੀ ਧਮਕੀ ਵੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 8:15 ਵਜੇ ਦੋ ਹਥਿਆਰਬੰਦ ਅੱਤਵਾਦੀਆਂ ਨੇ ਕੁਲਗਾਮ ਦੇ ਕੇਲਮ ਇਲਾਕੇ ਵਿੱਚ ਸਥਿਤ ਇੱਕ ਇੱਟ-ਭੱਠੇ ‘ਤੇ ਪਹੁੰਚ ਕੇ ਦੋ ਮਜ਼ਦੂਰਾਂ ‘ਤੇ ਨਜ਼ਦੀਕ ਤੋਂ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਦੋਵਾਂ ਦੀ ਪਛਾਣ ਪੁੱਛੀ ਅਤੇ ਫਿਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਵੇਲੇ ਦੋਵੇਂ ਮਜ਼ਦੂਰ ਨੇੜੇ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।
ਗੋਲੀ ਲੱਗਣ ਨਾਲ ਦੋਵੇਂ ਮਜ਼ਦੂਰ ਜ਼ਮੀਨ ‘ਤੇ ਡਿੱਗ ਪਏ, ਜਿਸ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਸਾਥੀ ਮਜ਼ਦੂਰਾਂ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਅਨੰਤਨਾਗ ਸਰਕਾਰੀ ਮੈਡੀਕਲ ਕਾਲਜ (GMC) ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ 24 ਸਾਲਾ ਦੀਪਕ ਰਾਤਰੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ 28 ਸਾਲਾ ਭੂਪੇਂਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਡਾਕਟਰਾਂ ਅਨੁਸਾਰ ਦੀਪਕ ਦੀ ਛਾਤੀ ਅਤੇ ਭੂਪੇਂਦਰ ਦੇ ਪੇਟ ਵਿੱਚ ਗੋਲੀ ਲੱਗੀ ਸੀ। ਭੂਪੇਂਦਰ ਨੂੰ ਗੰਭੀਰ ਹਾਲਤ ਵਿੱਚ ਸ਼੍ਰੀਨਗਰ ਦੇ SKIMS ਹਸਪਤਾਲ ਰੈਫਰ ਕੀਤਾ ਗਿਆ ਸੀ, ਪਰ ਉਸਦੀ ਜਾਨ ਨਹੀਂ ਬਚ ਸਕੀ।
ਜ਼ਿਕਰਯੋਗ ਹੈ ਕਿ ਪਿਛਲੇ ਨੌਂ ਦਿਨਾਂ ਵਿੱਚ ਕਸ਼ਮੀਰ ਵਿੱਚ ਇਹ ਦੂਜਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਅਨੰਤਨਾਗ ਦੇ ਲਾਲ ਚੌਕ ਇਲਾਕੇ ਵਿੱਚ ਸ਼੍ਰੀ ਅਮਰਨਾਥ ਯਾਤਰਾ ਡਿਊਟੀ ‘ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਵੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
