ਵਿਸ਼ਵ ਫੇਫੜਾ (ਲੰਗ) ਕੈਂਸਰ ਦਿਵਸ ਦੇ ਮੌਕੇ ‘ਤੇ ਭਗਵੰਤ ਮਾਨ ਸਰਕਾਰ ਨੇ ਇਹ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਇਸ ਲਈ ਫੇਫੜਾ ਕੈਂਸਰ ਨਾਲ ਜੰਗ ਨਾ ਹਾਰੇ ਕਿ ਉਹ ਇਲਾਜ ਦਾ ਖਰਚਾ ਨਹੀਂ ਝੱਲ ਸਕਦਾ। ‘ਮੁੱਖ ਮੰਤਰੀ ਸਿਹਤ ਯੋਜਨਾ’ (ਐਮਐਮਐੱਸਵਾਈ) ਰਾਹੀਂ ਪੰਜਾਬ ਸਰਕਾਰ ਨਾ ਸਿਰਫ਼ ਜੀਵਨ ਰੱਖਿਅਕ ਇਲਾਜ ਦਾ ਖਰਚਾ ਚੁੱਕ ਰਹੀ ਹੈ, ਸਗੋਂ ਬਿਮਾਰੀ ਦੀ ਰੋਕਥਾਮ ਅਤੇ ਸਮੇਂ ਸਿਰ ਪਛਾਣ ਲਈ ਵੀ ਯਤਨ ਕਰ ਰਹੀ ਹੈ।
ਯੋਜਨਾ ਦੇ ਅੰਕੜਿਆਂ ਅਨੁਸਾਰ ਹੁਣ ਤੱਕ 708 ਫੇਫੜਾ ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ ਲਈ ₹3.43 ਕਰੋੜ ਦੇ ਦਾਅਵੇ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਨਾਲ ਸੈਂਕੜੇ ਪਰਿਵਾਰਾਂ ਨੂੰ ਇਲਾਜ ਦੇ ਵੱਡੇ ਖਰਚ ਤੋਂ ਰਾਹਤ ਮਿਲੀ ਹੈ ਅਤੇ ਉਹ ਹਸਪਤਾਲ ਦੇ ਬਿੱਲਾਂ ਦੀ ਬਜਾਏ ਮਰੀਜ਼ ਦੀ ਸਿਹਤ ‘ਤੇ ਧਿਆਨ ਦੇ ਸਕੇ ਹਨ।
ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫੇਫੜਾ ਕੈਂਸਰ ਦੁਨੀਆ ਦੇ ਸਭ ਤੋਂ ਘਾਤਕ ਕੈਂਸਰਾਂ ਵਿੱਚੋਂ ਇੱਕ ਹੈ, ਪਰ ਇਸ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਨਾਲ ਇਲਾਜ ਦੇ ਨਤੀਜੇ ਕਾਫ਼ੀ ਬਿਹਤਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਲਾਜ ਦੇ ਖਰਚ ਕਾਰਨ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਇਲਾਜ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅਤੇ ਆਰਥਿਕ ਤੰਗੀ ਨੂੰ ਸਿਹਤ ਸੇਵਾਵਾਂ ਵਿੱਚ ਰੁਕਾਵਟ ਨਾ ਬਣਨ ਦੇਣਾ ਵੀ ਹੈ।
ਤੰਬਾਕੂ ਨਿਯੰਤਰਣ ਦੇ ਖੇਤਰ ਵਿੱਚ ਪੰਜਾਬ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS-6) ਮੁਤਾਬਕ ਪੰਜਾਬ ਦੇਸ਼ ਵਿੱਚ ਸਭ ਤੋਂ ਘੱਟ ਤੰਬਾਕੂ ਸੇਵਨ ਵਾਲਾ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਲਗਾਤਾਰ ਜਾਗਰੂਕਤਾ ਮੁਹਿੰਮਾਂ, ਪ੍ਰਭਾਵਸ਼ਾਲੀ ਤੰਬਾਕੂ ਨਿਯੰਤਰਣ ਨੀਤੀਆਂ ਅਤੇ ਲੋਕਾਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਕੈਂਸਰ-ਮੁਕਤ ਪੰਜਾਬ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਫੇਫੜਾ ਕੈਂਸਰ ਦੁਨੀਆ ਭਰ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਤੰਬਾਕੂ ਦਾ ਸੇਵਨ ਇਸ ਦਾ ਸਭ ਤੋਂ ਵੱਡਾ ਜੋਖ਼ਮ ਕਾਰਕ ਹੈ। ਭਾਰਤ ਵਿੱਚ ਵੀ ਤੰਬਾਕੂ ਦੀ ਵਰਤੋਂ ਅਤੇ ਬਿਮਾਰੀ ਦੀ ਦੇਰ ਨਾਲ ਪਛਾਣ ਕਾਰਨ ਇਸ ਦਾ ਬੋਝ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਰੋਕਥਾਮ, ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਬਹੁਤ ਮਹੱਤਵਪੂਰਨ ਬਣ ਗਈ ਹੈ।
ਰਾਜ ਸਿਹਤ ਏਜੰਸੀ (SHA) ਪੰਜਾਬ ਦੇ ਅੰਕੜਿਆਂ ਅਨੁਸਾਰ ਯੋਜਨਾ ਤਹਿਤ ਲਾਭਪਾਤਰੀ 708 ਮਰੀਜ਼ਾਂ ਵਿੱਚ 413 ਪੁਰਸ਼ ਸ਼ਾਮਲ ਹਨ, ਜਿਨ੍ਹਾਂ ਦੇ ਇਲਾਜ ‘ਤੇ ₹1.89 ਕਰੋੜ ਤੋਂ ਵੱਧ ਖਰਚ ਹੋਇਆ, ਜਦਕਿ 295 ਮਹਿਲਾਵਾਂ ਨੂੰ ₹1.53 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੈਸ਼ਲੈੱਸ ਇਲਾਜ ਦਿੱਤਾ ਗਿਆ।
ਉਮਰ ਅਨੁਸਾਰ ਸਭ ਤੋਂ ਵੱਧ 61 ਤੋਂ 75 ਸਾਲ ਉਮਰ ਵਰਗ ਦੇ 286 ਮਰੀਜ਼ਾਂ ਨੂੰ ਲਾਭ ਮਿਲਿਆ, ਜਿਨ੍ਹਾਂ ਦੇ ਇਲਾਜ ‘ਤੇ ₹1.34 ਕਰੋੜ ਤੋਂ ਵੱਧ ਖਰਚ ਕੀਤਾ ਗਿਆ। ਇਸ ਤੋਂ ਬਾਅਦ 46 ਤੋਂ 60 ਸਾਲ ਉਮਰ ਵਰਗ ਦੇ 247 ਮਰੀਜ਼ਾਂ ਦਾ ₹1.24 ਕਰੋੜ ਤੋਂ ਵੱਧ ਦੀ ਲਾਗਤ ਨਾਲ ਇਲਾਜ ਕੀਤਾ ਗਿਆ। ਯੋਜਨਾ ਤਹਿਤ 31 ਤੋਂ 45 ਸਾਲ ਦੇ 100, 19 ਤੋਂ 30 ਸਾਲ ਦੇ 9 ਅਤੇ 13 ਤੋਂ 18 ਸਾਲ ਦੇ 2 ਮਰੀਜ਼ਾਂ ਨੂੰ ਵੀ ਸਹਾਇਤਾ ਮਿਲੀ, ਜੋ ਦਰਸਾਉਂਦਾ ਹੈ ਕਿ ਫੇਫੜਾ ਕੈਂਸਰ ਵੱਖ-ਵੱਖ ਉਮਰ ਵਰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 179 ਮਰੀਜ਼ਾਂ ਨੂੰ ₹1.46 ਕਰੋੜ ਤੋਂ ਵੱਧ ਦਾ ਕੈਸ਼ਲੈੱਸ ਇਲਾਜ ਮਿਲਿਆ। ਇਸ ਤੋਂ ਬਾਅਦ ਸੰਗਰੂਰ ਵਿੱਚ 163 ਮਰੀਜ਼ਾਂ ਨੂੰ ₹56.62 ਲੱਖ, ਫਰੀਦਕੋਟ ਵਿੱਚ 149 ਮਰੀਜ਼ਾਂ ਨੂੰ ₹37.85 ਲੱਖ, ਅੰਮ੍ਰਿਤਸਰ ਵਿੱਚ 55, ਜਲੰਧਰ ਵਿੱਚ 42, ਪਟਿਆਲਾ ਵਿੱਚ 20, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 19, ਲੁਧਿਆਣਾ ਵਿੱਚ 11, ਜਦਕਿ ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਵਿੱਚ ਇੱਕ-ਇੱਕ ਮਰੀਜ਼ ਨੇ ਯੋਜਨਾ ਦਾ ਲਾਭ ਲਿਆ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਹਰ ਤਰ੍ਹਾਂ ਦੇ ਤੰਬਾਕੂ ਤੋਂ ਦੂਰ ਰਹਿਣ, ਲਗਾਤਾਰ ਖੰਘ, ਛਾਤੀ ਵਿੱਚ ਦਰਦ, ਬਿਨਾਂ ਕਾਰਨ ਵਜ਼ਨ ਘਟਣਾ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਸਮੇਂ ਸਿਰ ਪਛਾਣ ਨਾਲ ਇਲਾਜ ਦੀ ਸਫ਼ਲਤਾ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੈਂਸਰ ਦੀ ਸਮੇਂ ਸਿਰ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ, ਗੁਣਵੱਤਾ ਵਾਲੇ ਇਲਾਜ ਤੱਕ ਪਹੁੰਚ ਵਧਾਉਣ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਹਰ ਦਾਅਵਾ ਕਿਸੇ ਇੱਕ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਮੌਕਾ ਅਤੇ ਇੱਕ ਪਰਿਵਾਰ ਲਈ ਆਰਥਿਕ ਸੁਰੱਖਿਆ ਦਾ ਪ੍ਰਤੀਕ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਮਰੀਜ਼ਾਂ ਦੀ ਬਿਹਤਰ ਸਿਹਤ ਅਤੇ ਪੁਨਰਵਾਸ ਲਈ ਸਮੁੱਚੀ (ਹੋਲਿਸਟਿਕ) ਪਹੁੰਚ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਸਾਲ 2023 ਵਿੱਚ ਕੈਂਸਰ ਨਰਸਿੰਗ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਯੋਗ ਦੇ ਸਾਹ ਸਬੰਧੀ ਅਭਿਆਸ ਫੇਫੜਾ ਕੈਂਸਰ ਦੀ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਲੱਛਣ ਘਟਾਉਣ ਅਤੇ ਸਿਹਤਯਾਬੀ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਸਾਬਤ ਹੋ ਸਕਦੇ ਹਨ। ਇਸੇ ਉਦੇਸ਼ ਨਾਲ ਪੰਜਾਬ ਸਰਕਾਰ ਦੀ ‘ਸੀਐੱਮ ਦੀ ਯੋਗਸ਼ਾਲਾ’ ਪਹਿਲ ਲੋਕਾਂ ਨੂੰ ਨਿਯਮਿਤ ਯੋਗ ਅਤੇ ਧਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ।
