ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਉਡਾਣ ਦੌਰਾਨ ਅਚਾਨਕ ਤੇਜ਼ ਟਰਬੂਲੈਂਸ (ਹਵਾ ਦੇ ਤੇਜ਼ ਝਟਕਿਆਂ) ਦੀ ਲਪੇਟ ਵਿੱਚ ਆ ਗਈ। ਇਸ ਘਟਨਾ ਵਿੱਚ 10 ਯਾਤਰੀ ਅਤੇ ਕਰੂ ਦੇ 4 ਮੈਂਬਰ ਜ਼ਖ਼ਮੀ ਹੋ ਗਏ। ਹਾਲਾਂਕਿ ਪਾਇਲਟਾਂ ਦੀ ਸੂਝਬੂਝ ਕਾਰਨ ਜਹਾਜ਼ ਦੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ।
ਜਾਣਕਾਰੀ ਮੁਤਾਬਕ, 134 ਯਾਤਰੀਆਂ ਨੂੰ ਲੈ ਕੇ ਆ ਰਹੀ ਏਅਰਬੱਸ A320 ਫਲਾਈਟ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਤੇਜ਼ ਹਵਾਵਾਂ ਕਾਰਨ ਟਰਬੂਲੈਂਸ ਦਾ ਸ਼ਿਕਾਰ ਹੋਈ। ਇਸ ਦੌਰਾਨ ਜਹਾਜ਼ ਦੀ ਉਚਾਈ ਵਿੱਚ ਅਚਾਨਕ ਤਬਦੀਲੀ ਆਈ, ਜਿਸ ਨਾਲ ਯਾਤਰੀਆਂ ਨੂੰ ਤੇਜ਼ ਝਟਕੇ ਮਹਿਸੂਸ ਹੋਏ। ਯਾਤਰੀਆਂ ਦੇ ਅਨੁਸਾਰ ਇਹ ਸਥਿਤੀ ਲਗਭਗ ਦੋ ਤੋਂ ਤਿੰਨ ਮਿੰਟ ਤੱਕ ਬਣੀ ਰਹੀ।
ਸਵੇਰੇ ਕਰੀਬ 11 ਵਜੇ ਤੋਂ ਬਾਅਦ ਜਹਾਜ਼ ਦੀ ਦਿੱਲੀ ਏਅਰਪੋਰਟ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਲੈਂਡਿੰਗ ਤੋਂ ਤੁਰੰਤ ਬਾਅਦ ਸਾਵਧਾਨੀ ਦੇ ਤੌਰ ‘ਤੇ ਜ਼ਖ਼ਮੀ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਏਅਰਪੋਰਟ ਦੇ ਮੈਡੀਕਲ ਸੈਂਟਰ ਵਿੱਚ ਲਿਜਾ ਕੇ ਮੁੱਢਲਾ ਇਲਾਜ ਅਤੇ ਜਾਂਚ ਕਰਵਾਈ ਗਈ। ਸਾਰਿਆਂ ਨੂੰ ਸੁਰੱਖਿਅਤ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ।
ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੈਡੀਕਲ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਏਅਰਲਾਈਨ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਵਿੱਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।
ਦੱਸਣਯੋਗ ਹੈ ਕਿ ਟਰਬੂਲੈਂਸ ਉਹ ਸਥਿਤੀ ਹੁੰਦੀ ਹੈ, ਜਦੋਂ ਜਹਾਜ਼ ਅਸਮਾਨ ਵਿੱਚ ਅਸਥਿਰ ਜਾਂ ਅਨਿਯਮਿਤ ਹਵਾ ਦੇ ਪ੍ਰਵਾਹ ਵਿੱਚੋਂ ਲੰਘਦਾ ਹੈ। ਇਸ ਦੌਰਾਨ ਜਹਾਜ਼ ਨੂੰ ਅਚਾਨਕ ਝਟਕੇ ਲੱਗ ਸਕਦੇ ਹਨ ਜਾਂ ਉਹ ਕੁਝ ਸਮੇਂ ਲਈ ਉੱਪਰ-ਹੇਠਾਂ ਹੁੰਦਾ ਮਹਿਸੂਸ ਹੁੰਦਾ ਹੈ। ਹਾਲਾਂਕਿ ਅਜਿਹੀਆਂ ਸਥਿਤੀਆਂ ਆਮ ਤੌਰ ‘ਤੇ ਪਾਇਲਟਾਂ ਦੀ ਨਿਗਰਾਨੀ ਹੇਠ ਕਾਬੂ ਵਿੱਚ ਹੁੰਦੀਆਂ ਹਨ ਅਤੇ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
