ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਆਪਣੀ ਮੁੱਖ ਨੀਤੀਗਤ ਵਿਆਜ ਦਰ, ਯਾਨੀ ਰੇਪੋ ਰੇਟ, ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਮੁਦਰਾ ਨੀਤੀ ਕਮੇਟੀ (MPC) ਨੇ ਸਰਬਸੰਮਤੀ ਨਾਲ ਰੇਪੋ ਰੇਟ ਨੂੰ 5.25 ਫ਼ੀਸਦੀ ‘ਤੇ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ। RBI ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਤਣਾਅ, ਊਰਜਾ ਕੀਮਤਾਂ ਵਿੱਚ ਅਨਿਸ਼ਚਿਤਤਾ ਅਤੇ ਸਪਲਾਈ ਨਾਲ ਜੁੜੇ ਖ਼ਤਰਿਆਂ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਭਾਰਤ ਅਜੇ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਮਜ਼ਬੂਤ ਘਰੇਲੂ ਮੰਗ ਕਾਰਨ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਸਹਾਰਾ ਮਿਲ ਰਿਹਾ ਹੈ ਅਤੇ ਅਪ੍ਰੈਲ-ਜੂਨ ਤਿਮਾਹੀ ਦਾ ਪ੍ਰਦਰਸ਼ਨ RBI ਦੇ ਅਨੁਮਾਨਾਂ ਤੋਂ ਵੀ ਬਿਹਤਰ ਰਿਹਾ।
ਤੀਜੀ ਦੋ-ਮਾਸਿਕ ਮੁਦਰਾ ਨੀਤੀ ਦਾ ਐਲਾਨ ਕਰਦਿਆਂ ਗਵਰਨਰ ਨੇ ਕਿਹਾ ਕਿ ਸੇਵਾ ਖੇਤਰ ਦੀ ਮਜ਼ਬੂਤੀ ਨਾਲ ਸ਼ਹਿਰੀ ਖਪਤ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੱਛਮੀ ਏਸ਼ੀਆ ਵਿੱਚ ਵਧਦਾ ਤਣਾਅ, ਵਿਸ਼ਵ ਵਿੱਤੀ ਬਾਜ਼ਾਰਾਂ ਦੀ ਅਸਥਿਰਤਾ ਅਤੇ ਐਲ ਨੀਨੋ ਨਾਲ ਜੁੜੇ ਖ਼ਤਰੇ ਅਰਥਵਿਵਸਥਾ ਲਈ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਮੁਤਾਬਕ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਮੁੱਖ ਵਪਾਰਕ ਮਾਰਗ ਵੀ ਪ੍ਰਭਾਵਿਤ ਹੋ ਰਹੇ ਹਨ।
ਸੰਜੇ ਮਲਹੋਤਰਾ ਨੇ ਕਿਹਾ ਕਿ ਕੱਚੇ ਤੇਲ ਅਤੇ ਖਾਣ-ਪੀਣ ਦੀਆਂ ਵਧਦੀਆਂ ਕੀਮਤਾਂ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਕੁਝ ਵਾਧਾ ਹੋ ਸਕਦਾ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਤੀਜੀ ਤਿਮਾਹੀ ਵਿੱਚ ਮਹਿੰਗਾਈ ਆਪਣੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਘਟੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗਾਈ ‘ਤੇ ਸਭ ਤੋਂ ਵੱਧ ਅਸਰ ਭੋਜਨ ਅਤੇ ਬਾਲਣ ਦੀਆਂ ਕੀਮਤਾਂ ਦਾ ਹੈ।
RBI ਨੇ ਵਿੱਤੀ ਸਾਲ 2026-27 ਲਈ GDP ਵਿਕਾਸ ਦਰ ਦਾ ਅਨੁਮਾਨ 6.6 ਫ਼ੀਸਦੀ ਤੋਂ ਵਧਾ ਕੇ 6.7 ਫ਼ੀਸਦੀ ਕਰ ਦਿੱਤਾ ਹੈ। ਇਸਦੇ ਨਾਲ ਹੀ CPI ਆਧਾਰਿਤ ਮਹਿੰਗਾਈ ਦਾ ਅਨੁਮਾਨ 5.1 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ।
ਗਵਰਨਰ ਨੇ ਦੱਸਿਆ ਕਿ ਜੂਨ ਤੋਂ ਬੈਂਕਿੰਗ ਪ੍ਰਣਾਲੀ ਵਿੱਚ ਔਸਤ ਤਰਲਤਾ (Liquidity) 1 ਲੱਖ ਕਰੋੜ ਰੁਪਏ ਤੋਂ ਉੱਪਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਵਾਧਾ ਦਰ ਮਜ਼ਬੂਤ ਹੈ ਅਤੇ ਬੈਂਕਿੰਗ ਪ੍ਰਣਾਲੀ ਵਿੱਚ ਲੋੜੀਂਦੀ ਤਰਲਤਾ ਮੌਜੂਦ ਹੈ।
ਇਸਦੇ ਨਾਲ ਹੀ RBI ਨੇ ਚੇਤਾਵਨੀ ਦਿੱਤੀ ਕਿ ਵਿਸ਼ਵ ਵਪਾਰ ਵਿੱਚ ਸੁਸਤੀ, ਊਰਜਾ ਕੀਮਤਾਂ ਵਿੱਚ ਵਾਧਾ ਅਤੇ ਵਪਾਰ ਨੀਤੀਆਂ ਨਾਲ ਜੁੜੀ ਅਨਿਸ਼ਚਿਤਤਾ ਭਾਰਤ ਦੇ ਚਾਲੂ ਖਾਤੇ ਦੇ ਘਾਟੇ ‘ਤੇ ਦਬਾਅ ਪਾ ਸਕਦੀ ਹੈ।
ਉੱਧਰ ਰੁਪਿਆ ਵੀ ਲਗਾਤਾਰ ਦਬਾਅ ਹੇਠ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ 95 ਤੋਂ 96 ਰੁਪਏ ਦੇ ਵਿਚਕਾਰ ਬਣੀ ਹੋਈ ਹੈ। ਮਹਿੰਗਾ ਕੱਚਾ ਤੇਲ, ਵਿਦੇਸ਼ੀ ਨਿਵੇਸ਼ ਦਾ ਨਿਕਾਸ, ਵਧਦਾ ਵਪਾਰ ਘਾਟਾ ਅਤੇ ਮਜ਼ਬੂਤ ਹੁੰਦਾ ਡਾਲਰ ਰੁਪਏ ਨੂੰ ਕਮਜ਼ੋਰ ਕਰ ਰਹੇ ਹਨ। ਸਾਲ 2026 ਵਿੱਚ ਹੁਣ ਤੱਕ ਰੁਪਿਆ ਲਗਭਗ 7 ਫ਼ੀਸਦੀ ਕਮਜ਼ੋਰ ਹੋ ਚੁੱਕਾ ਹੈ, ਜਦਕਿ ਈਰਾਨ ਨਾਲ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਸ ਵਿੱਚ ਕਰੀਬ 6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
