ਨੇਪਾਲ-ਤਿੱਬਤ ਸਰਹੱਦ ’ਤੇ ਅਚਾਨਕ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਈ ਹੈ, ਜਦਕਿ 1100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਤੇਜ਼ ਪਾਣੀ ਦੇ ਵਹਾਅ ਨੇ 19 ਪੁਲਾਂ, ਕਰੀਬ 40 ਕਿਲੋਮੀਟਰ ਸੜਕਾਂ ਅਤੇ 13 ਹਾਈਡ੍ਰੋਪਾਵਰ ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹੜ੍ਹ ਦਾ ਪਾਣੀ ਲਗਭਗ 30 ਫੁੱਟ ਤੱਕ ਉੱਪਰ ਆ ਗਿਆ, ਜਿਸ ਕਾਰਨ ਘਰਾਂ ਅਤੇ ਵਾਹਨਾਂ ਸਮੇਤ ਕਈ ਚੀਜ਼ਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਈਆਂ।
ਸ਼ੁਰੂਆਤ ’ਚ ਇਸ ਹਾਦਸੇ ਨੂੰ ਭੂਚਾਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਪਰ ਅਮਰੀਕੀ ਜਿਓਲਾਜਿਕਲ ਸਰਵੇਅ ਮੁਤਾਬਕ ਪਹਿਲਾਂ ਭੂਚਾਲ ਨਹੀਂ ਆਇਆ ਸੀ। ਦਰਅਸਲ, ਚੀਨ ਵੱਲ ਲਹੇਂਦੇ ਨਦੀ ’ਚ ਪਹਾੜ ਦਾ ਵੱਡਾ ਹਿੱਸਾ ਖਿਸਕ ਕੇ ਡਿੱਗਿਆ, ਜਿਸ ਕਾਰਨ ਇੱਕ ਜ਼ਬਰਦਸਤ ਲੈਂਡਸਲਾਈਡ ਹੋਈ।
ਇਹ ਲੈਂਡਸਲਾਈਡ ਇੰਨੀ ਸ਼ਕਤੀਸ਼ਾਲੀ ਸੀ ਕਿ ਇਸ ਨਾਲ 5.2 ਤੀਬਰਤਾ ਦੇ ਭੂਚਾਲ ਵਰਗਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ ਪਾਣੀ ਅਤੇ ਮਲਬੇ ਦਾ ਵੱਡਾ ਸੈਲਾਬ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ’ਚ ਪਹੁੰਚਿਆ, ਜਿਸ ਨਾਲ ਹੜ੍ਹ ਦੀ ਸਥਿਤੀ ਬਣ ਗਈ।
ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਮਲਬਾ ਅਤੇ ਲੋਕ ਲਗਭਗ 150 ਕਿਲੋਮੀਟਰ ਦੂਰ ਚਿਤਵਨ ਤੱਕ ਵਹਿ ਗਏ। ਇੱਥੋਂ ਹੁਣ ਤੱਕ 33 ਦੇਹਾਂ ਬਰਾਮਦ ਹੋਣ ਦੀ ਜਾਣਕਾਰੀ ਹੈ।
ਉੱਥੇ ਹੀ, ਖਰਾਬ ਮੌਸਮ ਅਤੇ ਟੁੱਟੇ ਰਸਤਿਆਂ ਦੇ ਬਾਵਜੂਦ ਰਾਹਤ ਅਤੇ ਬਚਾਅ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ’ਚ ਜੁਟੀਆਂ ਹੋਈਆਂ ਹਨ। ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾ ਰਹੇ ਕਈ ਸ਼ਰਧਾਲੂ ਵੀ ਇਸ ਹੜ੍ਹ ਦੀ ਲਪੇਟ ’ਚ ਆਏ ਹਨ।
ਲਾਪਤਾ ਲੋਕਾਂ ’ਚ ਵਿਦੇਸ਼ੀ ਨਾਗਰਿਕਾਂ ਦੇ ਨਾਲ ਭਾਰਤੀ ਅਤੇ NRI ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਪੂਰੀ ਘਟਨਾ ਦੀ ਅਸਲ ਵਜ੍ਹਾ ਅਤੇ ਨੁਕਸਾਨ ਦਾ ਪੂਰਾ ਅੰਕਲਣ ਕਰਨ ’ਚ ਕੁਝ ਸਮਾਂ ਲੱਗ ਸਕਦਾ ਹੈ।
USGS ਦੀ ਜਾਣਕਾਰੀ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਝਟਕਾ ਕਿਸੇ ਪਹਿਲਾਂ ਆਏ ਭੂਚਾਲ ਕਾਰਨ ਨਹੀਂ, ਸਗੋਂ ਪਹਾੜ ਤੋਂ ਹੋਈ ਵੱਡੀ ਲੈਂਡਸਲਾਈਡ ਕਾਰਨ ਪੈਦਾ ਹੋਇਆ ਸੀ।
