ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਕੰਸਰਟ ਟੂਰ ‘ਸਾਈਨਡ ਟੂ ਗੌਡ ਵਰਲਡ ਟੂਰ’ 8 ਅਕਤੂਬਰ 2026 ਨੂੰ ਟੋਰਾਂਟੋ ਦੇ ਸਕੋਸ਼ੀਆਬੈਂਕ ਅਰੇਨਾ ਤੋਂ ਸ਼ੁਰੂ ਹੋਵੇਗਾ।
ਇਸ ਖਾਸ ਕੰਸਰਟ ਵਿੱਚ 3D ਹੋਲੋਗ੍ਰਾਫਿਕ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਪ੍ਰੈਜ਼ੇਂਸ ਨੂੰ ਮੁੜ ਜੀਵੰਤ ਕੀਤਾ ਜਾਵੇਗਾ। ਇਸ ਦੌਰਾਨ ਸਿੱਧੂ ਦੀ ਅਸਲੀ ਆਵਾਜ਼ ਨਾਲ ਤਾਲਮੇਲ ਬਿਠਾਉਂਦਿਆਂ ਹੋਲੋਗ੍ਰਾਮ ਪ੍ਰੋਜੈਕਸ਼ਨ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਨੇਮੈਟਿਕ ਵਿਜ਼ੂਅਲਸ ਅਤੇ ਸ਼ਾਨਦਾਰ ਸਟੇਜ ਇਫੈਕਟਸ ਵੀ ਦੇਖਣ ਨੂੰ ਮਿਲਣਗੇ, ਜੋ ਪ੍ਰਸ਼ੰਸਕਾਂ ਲਈ ਇੱਕ ਖਾਸ ਅਨੁਭਵ ਹੋਵੇਗਾ।
‘ਸਾਈਨਡ ਟੂ ਗੌਡ ਵਰਲਡ ਟੂਰ’ ਤਹਿਤ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਕੇ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ 8 ਦੇਸ਼ਾਂ ਵਿੱਚ ਕੰਸਰਟ ਕਰਵਾਏ ਜਾਣ ਦੀ ਉਮੀਦ ਹੈ।
ਟੋਰਾਂਟੋ ਵਿੱਚ ਹੋਣ ਵਾਲਾ ਪਹਿਲਾ ਸ਼ੋਅ ਇਸ ਲਈ ਵੀ ਖਾਸ ਰਹੇਗਾ ਕਿਉਂਕਿ ਇੱਥੇ ਸਿੱਧੂ ਮੂਸੇਵਾਲਾ ਦੇ ਚਰਚਿਤ ਗੀਤ ‘295’ ਦੀ ਮਿਊਜ਼ਿਕ ਵੀਡੀਓ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਵੀਡੀਓ ਦੀ ਸਿੱਧੂ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹੋਲੋਗ੍ਰਾਮ ਸ਼ੋਅ ਦੌਰਾਨ ਸਿੱਧੂ ਦਾ ਇੱਕ ਨਵਾਂ ਗੀਤ ਵੀ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਗੀਤ ‘295’ ਦੀ ਵੀਡੀਓ ਵੀ ਦਿਖਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਗੀਤ ਜਾਂ ਮਿਊਜ਼ਿਕ ਵੀਡੀਓ ਨਹੀਂ ਹੋਵੇਗੀ, ਸਗੋਂ ਇਸ ਵਿੱਚ ਸਿੱਧੂ ਦੀ ਜ਼ਿੰਦਗੀ, ਉਸ ਦੀ ਸੋਚ ਅਤੇ ਆਪਣੇ ਆਪ ਬਾਰੇ ਉਸ ਦੇ ਅਹਿਸਾਸਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਲਕੌਰ ਸਿੰਘ ਮੁਤਾਬਕ ਇਸ ਪ੍ਰੋਜੈਕਟ ਲਈ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ।
