ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ED ਦੀਆਂ ਟੀਮਾਂ ਨੇ ਪਟਿਆਲਾ ਅਤੇ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਕਈ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਹੈ।
ਜਾਣਕਾਰੀ ਮੁਤਾਬਕ ਪਟਿਆਲਾ ਦੇ ਫੇਜ਼-2 ਕਮਰਸ਼ੀਅਲ ਮਾਰਕੀਟ ਵਿੱਚ ਸ਼ੋਅਰੂਮ ਨੰਬਰ 8, 9 ਅਤੇ 10 ’ਤੇ ED ਦੀ ਟੀਮ ਨੇ ਮੰਗਲਵਾਰ ਦੇਰ ਰਾਤ ਛਾਪਾ ਮਾਰਿਆ। ਇਹ ਕਾਰਵਾਈ ਬੁੱਧਵਾਰ ਸਵੇਰ ਤੱਕ ਜਾਰੀ ਰਹੀ। ਇਨ੍ਹਾਂ ਥਾਵਾਂ ਨਾਲ ਜੁੜੀਆਂ ਫਲਾਇੰਗ ਫੇਦਰਜ਼ ਅਤੇ DM ਵੈੱਬ ਬੇਸਡ ਸਲਿਊਸ਼ਨਜ਼ ਨਾਮ ਦੀਆਂ ਕੰਪਨੀਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ED ਅਧਿਕਾਰੀਆਂ ਵੱਲੋਂ ਮੌਕੇ ’ਤੇ ਦਸਤਾਵੇਜ਼ਾਂ, ਕੰਪਿਊਟਰ ਰਿਕਾਰਡ ਅਤੇ ਹੋਰ ਸਬੰਧਤ ਕਾਗਜ਼ਾਤ ਦੀ ਜਾਂਚ ਕੀਤੀ ਗਈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ED ਦੀ ਕਾਰਵਾਈ ਦੌਰਾਨ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ED ਦੀ ਇੱਕ ਹੋਰ ਟੀਮ ਵੱਲੋਂ ਮੋਹਾਲੀ ਦੇ IT City ਦੇ ਸੈਕਟਰ 82-A ਵਿੱਚ ਸਥਿਤ ਪਲਾਟ ਨੰਬਰ 2010 ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇੱਥੇ ਵੀ ਅਧਿਕਾਰੀਆਂ ਵੱਲੋਂ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਹੈ।
ਫਿਲਹਾਲ ED ਦੀ ਇਸ ਪੂਰੀ ਕਾਰਵਾਈ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਲਈ ਛਾਪੇਮਾਰੀ ਦਾ ਪੂਰਾ ਕਾਰਨ ਕੀ ਹੈ ਅਤੇ ਜਾਂਚ ਦੌਰਾਨ ਕਿਹੜੇ ਦਸਤਾਵੇਜ਼ ਜਾਂ ਰਿਕਾਰਡ ਸਾਹਮਣੇ ਆਏ ਹਨ, ਇਸ ਬਾਰੇ ਤਸਵੀਰ ED ਵੱਲੋਂ ਅਧਿਕਾਰਤ ਜਾਣਕਾਰੀ ਜਾਰੀ ਕਰਨ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਫਿਲਹਾਲ ਪਟਿਆਲਾ ਅਤੇ ਮੋਹਾਲੀ ਵਿੱਚ ED ਦੀ ਇਹ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
