ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ ਨੇ ਜਾਪਾਨ ਖ਼ਿਲਾਫ਼ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਨਿਸ਼ਿਨ ਦੇ ਕੋਰੋਗੀ ਸਪੋਰਟਸ ਪਾਰਕ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਜਾਪਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.5 ਓਵਰਾਂ ਵਿੱਚ ਸਿਰਫ਼ 57 ਦੌੜਾਂ ’ਤੇ ਆਲ ਆਊਟ ਹੋ ਗਈ। ਜਾਪਾਨ ਵੱਲੋਂ ਅਯਾਕਾ ਕਾਟੋ-ਸਟੈਫੋਰਡ ਨੇ 25 ਦੌੜਾਂ ਬਣਾਈਆਂ, ਜਦਕਿ ਹਾਰੂਣਾ ਇਵਾਸਾਕੀ ਨੇ 10 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤ ਵੱਲੋਂ ਸ਼੍ਰੀ ਚਰਨੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਆਪਣੇ ਨਾਂ ਕੀਤੀਆਂ। ਸ਼ੈਫਾਲੀ ਵਰਮਾ ਨੇ 2 ਵਿਕਟਾਂ ਲਈਆਂ, ਜਦਕਿ ਸ਼੍ਰੇਅੰਕਾ ਪਾਟਿਲ ਅਤੇ ਦੀਪਤੀ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ।
58 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸਿਰਫ਼ 5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਸ਼ੈਫਾਲੀ ਵਰਮਾ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ 15 ਗੇਂਦਾਂ ’ਤੇ ਨਾਬਾਦ 40 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਨ੍ਹਾਂ ਨੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਰਿਚਾ ਘੋਸ਼ 6 ਗੇਂਦਾਂ ’ਤੇ 12 ਦੌੜਾਂ ਬਣਾ ਕੇ ਨਾਬਾਦ ਰਹੀ।
ਹਾਲਾਂਕਿ ਭਾਰਤ ਨੂੰ ਸ਼ੁਰੂਆਤ ਵਿੱਚ ਗੁਣਾਲਨ ਕਮਾਲਿਨੀ ਅਤੇ ਭਾਰਤੀ ਫੁਲਮਾਲੀ ਦੇ ਰੂਪ ਵਿੱਚ ਦੋ ਝਟਕੇ ਲੱਗੇ, ਪਰ ਸ਼ੈਫਾਲੀ ਵਰਮਾ ਦੀ ਤੇਜ਼ ਪਾਰੀ ਨੇ ਮੈਚ ਨੂੰ ਜ਼ਿਆਦਾ ਦੇਰ ਤੱਕ ਨਹੀਂ ਖਿੱਚਣ ਦਿੱਤਾ।
ਹੁਣ ਭਾਰਤੀ ਮਹਿਲਾ ਟੀਮ 20 ਸਤੰਬਰ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨਾਲ ਭਿੜੇਗੀ। ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
