ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਕੌਮਾਂਤਰੀ ਸਰਹੱਦ ਨਾਲ ਜੁੜੇ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 17 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 85 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਮਾਮਲੇ ਸਬੰਧੀ SSOC ਅੰਮ੍ਰਿਤਸਰ ਵਿਖੇ NDPS ਐਕਟ ਤਹਿਤ FIR ਦਰਜ ਕੀਤੀ ਗਈ ਹੈ। ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੋਂ ਪੁਲਿਸ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਅਗਲੀ ਜਾਂਚ ਕਰੇਗੀ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਸਰਹੱਦ ਪਾਰ ਬੈਠੇ ਨਸ਼ਾ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ, ਇਹ ਮੁਲਜ਼ਮ ਪਾਕਿਸਤਾਨ ਤੋਂ ਡ੍ਰੋਨ ਜਾਂ ਹੋਰ ਗੈਰ-ਕਾਨੂੰਨੀ ਰਸਤਿਆਂ ਰਾਹੀਂ ਭਾਰਤ ਵਿੱਚ ਭੇਜੀ ਜਾਣ ਵਾਲੀ ਹੈਰੋਇਨ ਦੀ ਖੇਪ ਹਾਸਲ ਕਰਦੇ ਸਨ ਅਤੇ ਇਸ ਨੂੰ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਸਪਲਾਈ ਕਰਨ ਦਾ ਨੈੱਟਵਰਕ ਚਲਾ ਰਹੇ ਸਨ।
ਹੁਣ ਜਾਂਚ ਏਜੰਸੀਆਂ ਮੁਲਜ਼ਮਾਂ ਦੇ ਪਿਛਲੇ ਅਤੇ ਅਗਲੇ ਲਿੰਕ ਖੰਗਾਲ ਰਹੀਆਂ ਹਨ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ 85 ਕਰੋੜ ਰੁਪਏ ਦੀ ਇਹ ਹੈਰੋਇਨ ਸਰਹੱਦ ਪਾਰੋਂ ਕਿੱਥੇ ਪਹੁੰਚਾਈ ਗਈ ਸੀ ਅਤੇ ਇਸ ਨੂੰ ਅੱਗੇ ਕਿਹੜੇ ਤਸਕਰਾਂ ਤੱਕ ਸਪਲਾਈ ਕੀਤਾ ਜਾਣਾ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਉਣ ਵਾਲੀ ਜਾਣਕਾਰੀ ਦੇ ਆਧਾਰ ‘ਤੇ ਇਸ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
