ਰੂਸ-ਯੂਕਰੇਨ ਜੰਗ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਅਗਲੇ ਹਫ਼ਤੇ ਨਿਊਯਾਰਕ ਵਿੱਚ ਮੁਲਾਕਾਤ ਹੋਵੇਗੀ। ਦੋਵਾਂ ਆਗੂਆਂ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਇਹ ਸਹਿਮਤੀ ਬਣੀ ਹੈ। ਇਹ ਮੁਲਾਕਾਤ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਦੌਰਾਨ ਹੋਵੇਗੀ।
ਜ਼ੇਲੇਂਸਕੀ ਨੇ ਕਿਹਾ ਕਿ ਇਹ ਮੁਲਾਕਾਤ ਰੂਸ ਨਾਲ ਚੱਲ ਰਹੀ ਜੰਗ ਦੇ ਹੱਲ ਲਈ ਅਹਿਮ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਸ਼ਾਂਤੀ ਪ੍ਰਕਿਰਿਆ ਯੂਕਰੇਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਮਰੀਕੀ ਟੀਮ ਨਾਲ ਮਿਲ ਕੇ ਅੱਗੇ ਦੇ ਕਦਮਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਗੱਲਬਾਤ ਦੌਰਾਨ ਤਣਾਅ ਘਟਾਉਣ ਦੇ ਕਦਮਾਂ ਦੇ ਨਾਲ-ਨਾਲ ਊਰਜਾ ਸੁਰੱਖਿਆ, ਭੋਜਨ ਸੁਰੱਖਿਆ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਣ ਦੀ ਗੱਲ ਕਹੀ ਗਈ ਹੈ।
ਜ਼ੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਉਨ੍ਹਾਂ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਦੇ ਕੀਵ ਦੌਰੇ ਲਈ ਵੀ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰੂਸ ’ਤੇ ਪਾਬੰਦੀਆਂ ਨਾਲ ਸਬੰਧਤ ਕਾਨੂੰਨ ’ਤੇ ਦਸਤਖ਼ਤ ਕਰਨ ਲਈ ਵੀ ਟਰੰਪ ਦਾ ਧੰਨਵਾਦ ਕੀਤਾ।
ਇਸ ਦੌਰਾਨ ਰੂਸ-ਯੂਕਰੇਨ ਵਿਚਾਲੇ ਜੰਗ ਵੀ ਜਾਰੀ ਹੈ। ਐਤਵਾਰ ਨੂੰ ਰੂਸ ਦੇ ਸੰਸਦੀ ਚੋਣਾਂ ਦੇ ਆਖਰੀ ਦਿਨ ਯੂਕਰੇਨ ਵੱਲੋਂ ਰੂਸੀ ਇਲਾਕਿਆਂ ’ਤੇ ਵੱਡੇ ਪੱਧਰ ’ਤੇ ਡ੍ਰੋਨ ਹਮਲੇ ਕੀਤੇ ਗਏ। ਰਿਪੋਰਟਾਂ ਮੁਤਾਬਕ ਇੱਕ ਹਜ਼ਾਰ ਤੋਂ ਵੱਧ ਡ੍ਰੋਨ ਲਾਂਚ ਕੀਤੇ ਗਏ, ਜਿਨ੍ਹਾਂ ਵਿੱਚੋਂ ਸੈਂਕੜੇ ਮਾਸਕੋ ਵੱਲ ਵਧ ਰਹੇ ਸਨ। ਰੂਸੀ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਡ੍ਰੋਨ ਡੇਗਣ ਦਾ ਦਾਅਵਾ ਕੀਤਾ ਹੈ।
ਹੁਣ ਸਭ ਦੀ ਨਜ਼ਰ ਨਿਊਯਾਰਕ ਵਿੱਚ ਹੋਣ ਵਾਲੀ ਜ਼ੇਲੇਂਸਕੀ ਅਤੇ ਟਰੰਪ ਦੀ ਮੁਲਾਕਾਤ ’ਤੇ ਹੈ, ਜਿੱਥੇ ਜੰਗ ਨੂੰ ਘਟਾਉਣ ਅਤੇ ਸ਼ਾਂਤੀ ਪ੍ਰਕਿਰਿਆ ਨਾਲ ਜੁੜੇ ਮੁੱਦਿਆਂ ’ਤੇ ਅੱਗੇ ਦੀ ਰਣਨੀਤੀ ਬਾਰੇ ਗੱਲਬਾਤ ਹੋ ਸਕਦੀ ਹੈ।
