ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਪ੍ਰਦਰਸ਼ਨ ਜਾਰੀ ਹੈ। ਭਾਰਤ ਹੁਣ ਤੱਕ ਕੁੱਲ 6 ਤਗਮੇ ਆਪਣੇ ਨਾਮ ਕਰ ਚੁੱਕਾ ਹੈ। ਇਨ੍ਹਾਂ ਵਿੱਚੋਂ 5 ਤਗਮੇ ਨਿਸ਼ਾਨੇਬਾਜ਼ੀ ਵਿੱਚ ਮਿਲੇ ਹਨ, ਜਦਕਿ ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਾਰਿਆਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਮਿਕਸਡ ਮਾਰਸ਼ਲ ਆਰਟਸ ਦੇ ਸੈਮੀਫਾਈਨਲ ਵਿੱਚ ਸੁਚਿਕਾ ਤਾਰਿਆਲ ਨੂੰ ਟੀਓ ਹੂਈ ਹੂਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਭਾਰਤੀ ਐਮਐਮਏ ਫੈਡਰੇਸ਼ਨ ਵੱਲੋਂ ਇਸ ਨਤੀਜੇ ਨੂੰ ਚੁਣੌਤੀ ਦਿੱਤੀ ਗਈ। ਮੁੜ ਸਮੀਖਿਆ ਤੋਂ ਬਾਅਦ ਮੁਕਾਬਲੇ ਨੂੰ ਡਰਾਅ ਐਲਾਨਿਆ ਗਿਆ। ਇਸ ਤੋਂ ਬਾਅਦ ਨਿਯਮਾਂ ਅਨੁਸਾਰ ਜੇਤੂ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਭਾਰ ਦੇ ਆਧਾਰ ’ਤੇ ਟੀਓ ਹੂਈ ਹੂਨ ਨੂੰ ਜੇਤੂ ਐਲਾਨਿਆ ਗਿਆ। ਇਸ ਦੇ ਨਾਲ ਸੁਚਿਕਾ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।
ਸ਼ੂਟਿੰਗ ਵਿੱਚ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਪੁਰਸ਼ਾਂ ਦੇ 10 ਮੀਟਰ ਰਾਈਫਲ ਮੁਕਾਬਲੇ ਵਿੱਚ ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਰੁਦ੍ਰਾਂਕਸ਼ ਪਾਟਿਲ ਨੇ 230.9 ਅੰਕਾਂ ਨਾਲ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਚੀਨ ਦੇ ਸ਼ੇਂਗ ਲਿਹਾਓ ਨੇ 254.2 ਅੰਕਾਂ ਨਾਲ ਸੋਨੇ ਦਾ ਤਗਮਾ ਜਿੱਤਿਆ। ਟੀਮ ਮੁਕਾਬਲੇ ਵਿੱਚ ਵੀ ਭਾਰਤ ਨੇ 1890.1 ਅੰਕਾਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤੀ ਟੀਮ ਵਿੱਚ ਪਾਰਥ ਮਾਨੇ, ਰੁਦ੍ਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਸ਼ਾਮਲ ਸਨ।
ਇਸ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਏਸ਼ੀਆਈ ਖੇਡਾਂ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਜਾਰੀ ਰੱਖੀ। ਆਪਣੇ ਦੂਜੇ ਮੈਚ ਵਿੱਚ ਭਾਰਤ ਨੇ ਇੰਡੋਨੇਸ਼ੀਆ ਖ਼ਿਲਾਫ਼ 9 ਗੋਲ ਕਰਕੇ ਵੱਡੀ ਜਿੱਤ ਦਰਜ ਕੀਤੀ। ਦੀਪਿਕਾ, ਸੁਨੀਲਿਤਾ ਟੋਪੋ ਅਤੇ ਰੁਤੁਜਾ ਪਿਸਾਲ ਨੇ ਦੋ-ਦੋ ਗੋਲ ਕੀਤੇ। ਭਾਰਤ ਨੇ ਹੁਣ ਤੱਕ ਦੋ ਮੈਚਾਂ ਵਿੱਚ ਕੁੱਲ 36 ਗੋਲ ਕੀਤੇ ਹਨ। ਭਾਰਤੀ ਮਹਿਲਾ ਹਾਕੀ ਟੀਮ ਦਾ ਅਗਲਾ ਮੁਕਾਬਲਾ 23 ਸਤੰਬਰ ਨੂੰ ਥਾਈਲੈਂਡ ਨਾਲ ਹੋਵੇਗਾ।
ਉਧਰ, ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਜਾਪਾਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲੇ ਅੱਧ ਵਿੱਚ 31 ਅੰਕ ਬਣਾਉਂਦੇ ਹੋਏ ਮੈਚ ’ਤੇ ਆਪਣੀ ਪਕੜ ਮਜ਼ਬੂਤ ਕੀਤੀ ਅਤੇ ਦੂਜੇ ਅੱਧ ਵਿੱਚ ਵੀ ਲੀਡ ਕਾਇਮ ਰੱਖ ਕੇ ਜਿੱਤ ਹਾਸਲ ਕੀਤੀ। ਭਾਰਤੀ ਮਹਿਲਾ ਕਬੱਡੀ ਟੀਮ ਦਾ ਮੁਕਾਬਲਾ ਬਾਅਦ ਵਿੱਚ ਬੰਗਲਾਦੇਸ਼ ਨਾਲ ਹੋਣਾ ਹੈ।
ਮੈਡਲ ਟੈਲੀ ਦੀ ਗੱਲ ਕਰੀਏ ਤਾਂ ਭਾਰਤ ਇਸ ਸਮੇਂ 6 ਤਗਮਿਆਂ ਨਾਲ 10ਵੇਂ ਸਥਾਨ ’ਤੇ ਹੈ। ਭਾਰਤ ਦੇ ਖਾਤੇ ਵਿੱਚ 4 ਚਾਂਦੀ ਸਮੇਤ ਕੁੱਲ 6 ਤਗਮੇ ਹਨ। ਚੀਨ 15 ਸੋਨੇ ਸਮੇਤ 24 ਤਗਮਿਆਂ ਨਾਲ ਪਹਿਲੇ ਸਥਾਨ ’ਤੇ ਹੈ। ਜਾਪਾਨ 6 ਸੋਨੇ ਸਮੇਤ 23 ਤਗਮਿਆਂ ਨਾਲ ਦੂਜੇ ਅਤੇ ਦੱਖਣੀ ਕੋਰੀਆ 4 ਸੋਨੇ ਸਮੇਤ 17 ਤਗਮਿਆਂ ਨਾਲ ਤੀਜੇ ਸਥਾਨ ’ਤੇ ਹੈ।
