ਭਾਰਤ ਨੇ 2026 ਏਸ਼ੀਆਈ ਖੇਡਾਂ ਵਿੱਚ ਆਪਣਾ ਤੀਜਾ ਸੋਨ ਤਮਗਾ ਜਿੱਤ ਲਿਆ ਹੈ। ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਇਰਾਨ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2018 ਦੇ ਫਾਈਨਲ ਵਿੱਚ ਇਰਾਨ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ।
ਆਇਚੀ-ਨਾਗੋਯਾ ਵਿੱਚ ਸ਼ਨੀਵਾਰ 26 ਸਤੰਬਰ ਨੂੰ ਭਾਰਤ ਲਈ ਸ਼ਾਨਦਾਰ ਦਿਨ ਰਿਹਾ। ਮਹਿਲਾ ਕਬੱਡੀ ਟੀਮ ਨੇ ਸ਼ੁਰੂ ਤੋਂ ਹੀ ਇਰਾਨ ’ਤੇ ਦਬਾਅ ਬਣਾਈ ਰੱਖਿਆ ਅਤੇ ਪਹਿਲੇ ਹਾਫ਼ ਵਿੱਚ 22-16 ਦੀ ਲੀਡ ਹਾਸਲ ਕਰ ਲਈ। ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਰੇਡ ਅਤੇ ਮਜ਼ਬੂਤ ਡਿਫੈਂਸ ਦੇ ਦਮ ’ਤੇ ਮੈਚ ਵਿੱਚ ਆਪਣੀ ਪਕੜ ਬਣਾਈ ਰੱਖੀ।
ਦੂਜੇ ਹਾਫ਼ ਵਿੱਚ ਇਰਾਨ ਨੇ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਭਾਰਤੀ ਟੀਮ ਨੂੰ ਆਲ-ਆਊਟ ਵੀ ਕੀਤਾ। ਇਰਾਨ ਨੇ ਦੂਜੇ ਹਾਫ਼ ਵਿੱਚ 18 ਅੰਕ ਹਾਸਲ ਕੀਤੇ, ਜਦਕਿ ਭਾਰਤ ਨੇ 15 ਅੰਕ ਬਣਾਏ। ਇਸ ਦੇ ਬਾਵਜੂਦ ਭਾਰਤੀ ਟੀਮ ਨੇ ਆਪਣੀ ਲੀਡ ਬਰਕਰਾਰ ਰੱਖੀ ਅਤੇ ਮੈਚ ਜਿੱਤ ਕੇ ਸੋਨ ਤਮਗਾ ਆਪਣੇ ਨਾਮ ਕਰ ਲਿਆ।
ਇਹ ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਦਾ ਲਗਾਤਾਰ ਦੂਜਾ ਅਤੇ ਕੁੱਲ ਚੌਥਾ ਸੋਨ ਤਮਗਾ ਹੈ। ਮਹਿਲਾ ਕਬੱਡੀ ਨੂੰ 2010 ਵਿੱਚ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਭਾਰਤ ਹਰ ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਨੂੰ ਸਿਰਫ਼ 2018 ਦੇ ਫਾਈਨਲ ਵਿੱਚ ਇਰਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ 8 ਸਾਲ ਬਾਅਦ ਭਾਰਤੀ ਟੀਮ ਨੇ ਉਸ ਹਾਰ ਦਾ ਬਦਲਾ ਲੈਂਦਿਆਂ ਇੱਕ ਵਾਰ ਫਿਰ ਕਬੱਡੀ ਵਿੱਚ ਆਪਣਾ ਦਬਦਬਾ ਕਾਇਮ ਕਰ ਦਿੱਤਾ ਹੈ।
ਫਾਈਨਲ ਵਿੱਚ ਹਾਰ ਤੋਂ ਬਾਅਦ ਇਰਾਨ ਨੂੰ ਚਾਂਦੀ ਦਾ ਤਮਗਾ ਮਿਲਿਆ, ਜਦਕਿ ਤਾਈਵਾਨ ਅਤੇ ਨੇਪਾਲ ਨੇ ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ।
