ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਵਿਸ਼ਵ ਕੱਪ ਕਰੀਅਰ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ। ਕੋਹਲੀ ਨੇ ਕਿਹਾ ਹੈ ਕਿ 2027 ਦਾ ਇੱਕ ਰੋਜ਼ਾ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਅਜਿਹੇ ਵਿੱਚ ਉਨ੍ਹਾਂ ਦਾ ਪੂਰਾ ਧਿਆਨ ਟੀਮ ਇੰਡੀਆ ਨੂੰ ਵਿਸ਼ਵ ਕੱਪ ਟਰਾਫੀ ਜਿਤਾਉਣ ‘ਤੇ ਹੋਵੇਗਾ।
ਕੋਹਲੀ ਨੇ ਕਿਹਾ ਕਿ ਜਦੋਂ ਵੀ ਉਹ ਮੈਦਾਨ ‘ਤੇ ਉਤਰਦੇ ਹਨ ਤਾਂ ਉਨ੍ਹਾਂ ਦਾ ਟੀਚਾ ਆਪਣਾ 100 ਫੀਸਦੀ ਦੇਣਾ ਹੁੰਦਾ ਹੈ। ਉਹ 2027 ਵਿਸ਼ਵ ਕੱਪ ਲਈ ਖੁਦ ਨੂੰ ਤਿਆਰ ਰੱਖਣਾ ਚਾਹੁੰਦੇ ਹਨ ਅਤੇ ਟੀਮ ਨੂੰ ਖਿਤਾਬ ਤੱਕ ਪਹੁੰਚਾਉਣ ਲਈ ਆਪਣਾ ਪੂਰਾ ਯੋਗਦਾਨ ਦੇਣਾ ਚਾਹੁੰਦੇ ਹਨ। ਕੋਹਲੀ ਇਸ ਸਮੇਂ ਸਿਰਫ਼ ਵਨਡੇ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ 2024 ਵਿੱਚ T20 ਇੰਟਰਨੈਸ਼ਨਲ ਅਤੇ 2025 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ।
ਵਿਰਾਟ ਕੋਹਲੀ ਹੁਣ ਤੱਕ 2011, 2015, 2019 ਅਤੇ 2023 ਦੇ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਵਨਡੇ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 54 ਸੈਂਕੜੇ ਹਨ। ਕੋਹਲੀ ਨੇ 50 ਓਵਰਾਂ ਵਾਲੀ ਕ੍ਰਿਕਟ ਦੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਮੁਤਾਬਕ, ਇੱਕ ਵਨਡੇ ਮੈਚ ਖਿਡਾਰੀ ਤੋਂ ਕਾਫੀ ਜ਼ਿਆਦਾ ਮਿਹਨਤ ਅਤੇ ਧਿਆਨ ਦੀ ਮੰਗ ਕਰਦਾ ਹੈ।
2027 ਦੇ ਵਿਸ਼ਵ ਕੱਪ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕੋਹਲੀ ਨੇ ਕਿਹਾ ਕਿ ਵਿਦੇਸ਼ੀ ਹਾਲਾਤ, ਵੱਖ-ਵੱਖ ਮੈਦਾਨ ਅਤੇ ਵੱਖ-ਵੱਖ ਟੀਮਾਂ ਖ਼ਿਲਾਫ਼ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ, ਵੱਡੇ ਟੂਰਨਾਮੈਂਟਾਂ ਦਾ ਉਨ੍ਹਾਂ ਕੋਲ ਕਾਫੀ ਤਜਰਬਾ ਹੈ ਅਤੇ ਉਹ ਇਸ ਤਜਰਬੇ ਨੂੰ ਟੀਮ ਦੇ ਕੰਮ ਆਉਣ ਦੇਣਾ ਚਾਹੁੰਦੇ ਹਨ।
ਹੁਣ ਸਾਰਿਆਂ ਦੀਆਂ ਨਜ਼ਰਾਂ 2027 ਦੇ ਵਨਡੇ ਵਿਸ਼ਵ ਕੱਪ ‘ਤੇ ਹਨ। ਜੇਕਰ ਕੋਹਲੀ ਇਸ ਟੂਰਨਾਮੈਂਟ ਵਿੱਚ ਖੇਡਦੇ ਹਨ ਤਾਂ ਇਹ ਉਨ੍ਹਾਂ ਦਾ ਪੰਜਵਾਂ ਵਨਡੇ ਵਿਸ਼ਵ ਕੱਪ ਹੋਵੇਗਾ। 2027 ਦਾ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਹੋਣਾ ਹੈ।
