ਮੋਬਾਈਲ ਰੀਚਾਰਜ ਅਤੇ ਟੈਰਿਫ ਪਲਾਨ ਨੂੰ ਲੈ ਕੇ ਯੂਜ਼ਰਜ਼ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਆਉਣ ਵਾਲੇ ਚਾਰ ਤੋਂ ਪੰਜ ਮਹੀਨਿਆਂ ਦੌਰਾਨ ਭਾਰਤ ਵਿੱਚ ਮੋਬਾਈਲ ਟੈਰਿਫ 12 ਤੋਂ 15 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਜੇਕਰ ਇਹ ਵਾਧਾ ਹੁੰਦਾ ਹੈ ਤਾਂ ਮੋਬਾਈਲ ਬਿੱਲ ਅਤੇ ਰੀਚਾਰਜ ਕਰਵਾਉਣ ਦਾ ਖਰਚਾ ਸਿੱਧੇ ਤੌਰ ’ਤੇ ਵਧ ਸਕਦਾ ਹੈ।
ਸੈਂਟਰਮ ਇੰਸਟੀਚਿਊਸ਼ਨਲ ਰਿਸਰਚ ਦੀ ਰਿਪੋਰਟ ਮੁਤਾਬਕ ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਮੁਕਾਬਲਾ ਹੁਣ ਕੁਝ ਹੀ ਵੱਡੇ ਖਿਡਾਰੀਆਂ ਤੱਕ ਸੀਮਤ ਰਹਿ ਗਿਆ ਹੈ। ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਸਰਕਾਰੀ ਕੰਪਨੀ BSNL ਮੁੱਖ ਟੈਲੀਕਾਮ ਆਪਰੇਟਰ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਕਾਬਲੇ ਵਿੱਚ ਕਮੀ ਕਾਰਨ ਕੰਪਨੀਆਂ ਲਈ ਟੈਰਿਫ ਵਧਾਉਣ ਦਾ ਮਾਹੌਲ ਬਣਿਆ ਹੈ। ਇਸ ਦੇ ਪਿੱਛੇ 5G ਨੈੱਟਵਰਕ ’ਤੇ ਹੋਏ ਵੱਡੇ ਨਿਵੇਸ਼ ਅਤੇ ਕੰਪਨੀਆਂ ਦੀ ਕਮਾਈ ਵਧਾਉਣ ਦੀ ਕੋਸ਼ਿਸ਼ ਨੂੰ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਤਿੰਨ ਵੱਡੀਆਂ ਨਿੱਜੀ ਟੈਲੀਕਾਮ ਕੰਪਨੀਆਂ—ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ—ਦੇ ਪ੍ਰਤੀ ਯੂਜ਼ਰ ਔਸਤ ਮਾਲੀਏ (ARPU) ਵਿੱਚ ਵਾਧੇ ਦੀ ਉਮੀਦ ਹੈ। ਇਸ ਦਾ ਇੱਕ ਕਾਰਨ ਯੂਜ਼ਰਜ਼ ਦਾ 2G ਤੋਂ 4G ਅਤੇ 5G ਨੈੱਟਵਰਕ ਵੱਲ ਵਧਣਾ ਅਤੇ ਪੋਸਟਪੇਡ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਵੀ ਦੱਸਿਆ ਗਿਆ ਹੈ।
ਜੀਓ ਦੀ ਕਮਾਈ ਵਿੱਚ ਵਾਧੇ ਦਾ ਅਨੁਮਾਨ
ਰਿਪੋਰਟ ਮੁਤਾਬਕ ਰਿਲਾਇੰਸ ਜੀਓ ਇਸ ਤਿਮਾਹੀ ਦੌਰਾਨ ਲਗਭਗ 80 ਲੱਖ ਨਵੇਂ ਗਾਹਕ ਜੋੜ ਸਕਦੀ ਹੈ, ਜਿਸ ਨਾਲ ਕੰਪਨੀ ਦਾ ਕੁੱਲ ਗਾਹਕ ਆਧਾਰ ਕਰੀਬ 54.1 ਕਰੋੜ ਹੋਣ ਦਾ ਅਨੁਮਾਨ ਹੈ। ਜੀਓ ਦਾ ARPU ਲਗਭਗ 1 ਫੀਸਦੀ ਵਧ ਕੇ 218 ਰੁਪਏ ਪ੍ਰਤੀ ਮਹੀਨਾ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦੇ ਨਾਲ 5G ਫਿਕਸਡ ਵਾਇਰਲੈੱਸ ਐਕਸੈਸ ਅਤੇ ਫਾਈਬਰ ਬ੍ਰਾਡਬੈਂਡ ਦੇ ਵਿਸਥਾਰ ਨਾਲ ਕੰਪਨੀ ਦੇ ਕੁੱਲ ਮਾਲੀਏ ਵਿੱਚ ਵੀ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
ਏਅਰਟੈੱਲ ਦਾ ARPU ਪਹੁੰਚ ਸਕਦਾ ਹੈ ਰਿਕਾਰਡ ਪੱਧਰ ’ਤੇ
ਭਾਰਤੀ ਏਅਰਟੈੱਲ ਦੇ ਇਸ ਤਿਮਾਹੀ ਦੌਰਾਨ ਲਗਭਗ 30 ਲੱਖ ਨਵੇਂ ਵਾਇਰਲੈੱਸ ਗਾਹਕ ਜੋੜਨ ਦੀ ਉਮੀਦ ਹੈ। ਇਸ ਨਾਲ ਕੰਪਨੀ ਦਾ ਗਾਹਕ ਆਧਾਰ ਕਰੀਬ 38 ਕਰੋੜ ਹੋ ਸਕਦਾ ਹੈ। ਰਿਪੋਰਟ ਮੁਤਾਬਕ ਏਅਰਟੈੱਲ ਦਾ ARPU 2 ਫੀਸਦੀ ਵਧ ਕੇ 269 ਰੁਪਏ ਪ੍ਰਤੀ ਮਹੀਨਾ ਦੇ ਪੱਧਰ ’ਤੇ ਪਹੁੰਚ ਸਕਦਾ ਹੈ, ਜੋ ਕੰਪਨੀ ਲਈ ਮਹੱਤਵਪੂਰਨ ਵਾਧਾ ਹੋਵੇਗਾ।
Vodafone Idea ਲਈ ਵੀ ਗਾਹਕਾਂ ਦੇ ਮੋਰਚੇ ’ਤੇ ਰਾਹਤ
ਵੋਡਾਫੋਨ ਆਈਡੀਆ ਲਈ ਵੀ ਰਿਪੋਰਟ ਵਿੱਚ ਕੁਝ ਰਾਹਤ ਦੇ ਸੰਕੇਤ ਦਿੱਤੇ ਗਏ ਹਨ। ਕੰਪਨੀ ਵੱਲੋਂ ਇਸ ਤਿਮਾਹੀ ਦੌਰਾਨ ਲਗਭਗ 10 ਲੱਖ ਨਵੇਂ ਗਾਹਕ ਜੋੜਨ ਦੀ ਉਮੀਦ ਹੈ, ਜਿਸ ਨਾਲ ਇਸ ਦਾ ਗਾਹਕ ਆਧਾਰ ਕਰੀਬ 19.4 ਕਰੋੜ ਹੋ ਸਕਦਾ ਹੈ। ਇਸ ਦੇ ਨਾਲ ਕੰਪਨੀ ਦਾ ARPU ਵਧ ਕੇ ਲਗਭਗ 178 ਰੁਪਏ ਪ੍ਰਤੀ ਮਹੀਨਾ ਹੋਣ ਦਾ ਅਨੁਮਾਨ ਹੈ।
5G ਦੇ ਵਿਸਥਾਰ ’ਤੇ ਕੰਪਨੀਆਂ ਦਾ ਫੋਕਸ
5G ਨੈੱਟਵਰਕ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਜੀਓ ਅਤੇ ਏਅਰਟੈੱਲ ਦੇ 5G ਨੈੱਟਵਰਕ ਦੇਸ਼ ਦੇ 95 ਫੀਸਦੀ ਤੋਂ ਵੱਧ ਜ਼ਿਲ੍ਹਿਆਂ ਤੱਕ ਪਹੁੰਚ ਚੁੱਕੇ ਹਨ। ਹੁਣ ਕੰਪਨੀਆਂ 5G ਸਮਾਰਟਫੋਨ ਅਤੇ ਹੋਰ ਡਿਵਾਈਸਾਂ ਦੀ ਵਰਤੋਂ ਵਧਾਉਣ ’ਤੇ ਧਿਆਨ ਦੇ ਰਹੀਆਂ ਹਨ।
ਦੂਜੇ ਪਾਸੇ ਵੋਡਾਫੋਨ ਆਈਡੀਆ ਵੱਲੋਂ ਵੀ 5G ਨੈੱਟਵਰਕ ਦੇ ਵਿਸਥਾਰ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਕੰਪਨੀ ਅਗਲੇ ਤਿੰਨ ਸਾਲਾਂ ਦੌਰਾਨ ਨੈੱਟਵਰਕ ਵਿਸਥਾਰ ਲਈ ਵੱਡੇ ਨਿਵੇਸ਼ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਲਈ ਬੈਂਕਾਂ ਤੋਂ ਕਰਜ਼ਾ ਲੈਣ ਸਬੰਧੀ ਗੱਲਬਾਤ ਕਰ ਰਹੀ ਹੈ।
ਟੈਲੀਕਾਮ ਕੰਪਨੀਆਂ ਦੇ ਨੈੱਟਵਰਕ ਵਿਸਥਾਰ ਦਾ ਫਾਇਦਾ ਟੈਲੀਕਾਮ ਇਨਫਰਾਸਟ੍ਰਕਚਰ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਮਿਲਣ ਦੀ ਉਮੀਦ ਹੈ। ਰਿਪੋਰਟ ਵਿੱਚ ਇੰਡਸ ਟਾਵਰਜ਼ ਅਤੇ ਟਾਟਾ ਕਮਿਊਨੀਕੇਸ਼ਨਜ਼ ਦੇ ਮਾਲੀਏ ਵਿੱਚ ਵੀ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
