ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਸ਼ਾਮਲ ਹਨ। ਮੁੱਢਲੀ ਜਾਣਕਾਰੀ ਮੁਤਾਬਕ, ਪਰਿਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਲਈ ਚਲਾ ਗਿਆ ਸੀ, ਪਰ ਅਗਲੀ ਸਵੇਰ ਜਦੋਂ ਘਰ ਵਿੱਚ ਕੋਈ ਹਲਚਲ ਦਿਖਾਈ ਨਹੀਂ ਦਿੱਤੀ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਜਦੋਂ ਉਹ ਘਰ ਦੇ ਅੰਦਰ ਪਹੁੰਚੇ ਤਾਂ ਪੰਜੇ ਜੀਅ ਬੇਹੋਸ਼ ਹਾਲਤ ਵਿੱਚ ਮਿਲੇ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਥਾਣਾ ਖੇਤਰ ਦਾ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ 38 ਸਾਲਾ ਮਹੇਸ਼, ਉਨ੍ਹਾਂ ਦੀ 36 ਸਾਲਾ ਪਤਨੀ ਲਲਿਤਾ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਵਜੋਂ ਹੋਈ ਹੈ।
ਮੁੱਢਲੀ ਜਾਂਚ ਦੌਰਾਨ ਖਾਣੇ ਵਿੱਚ ਕਿਸੇ ਜ਼ਹਿਰੀਲੇ ਪਦਾਰਥ ਦੀ ਮੌਜੂਦਗੀ ਜਾਂ ਫੂਡ ਪੌਇਜ਼ਨਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਪਰਿਵਾਰ ਨੇ ਰਾਤ ਨੂੰ ਨੂਡਲਜ਼ ਖਾਧੇ ਸਨ। ਇਸੇ ਕਾਰਨ ਪੁਲਿਸ ਨੇ ਰਸੋਈ ਵਿੱਚੋਂ ਨੂਡਲਜ਼, ਚਾਹ ਦੇ ਭਾਂਡਿਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ।
ਪੁਲਿਸ ਵੱਲੋਂ ਪੰਜਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਹਾਲਾਂਕਿ, ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਰਿਵਾਰ ਦੀ ਮੌਤ ਫੂਡ ਪੌਇਜ਼ਨਿੰਗ ਕਾਰਨ ਹੋਈ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ।
ਫਿਲਹਾਲ ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਹੀ ਪੰਜਾਂ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
