Ludhiana ਵਿੱਚ 3,200 ਕਰੋੜ ਰੁਪਏ ਦੀ ਲਾਗਤ ਵਾਲਾ Tata Steel ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ – ਉਦਯੋਗ ਨੂੰ ਵੱਡਾ ਉਤਸ਼ਾਹ, 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ

ਪੰਜਾਬ ਦੇ ਮੁੱਖ ਮੰਤਰੀ Bhagwant Singh Mann ਨੇ ਕਿਹਾ ਕਿ ਮਾਰਚ ਤੋਂ ਲੁਧਿਆਣਾ ਵਿੱਚ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਪੰਜਾਬ ਵਿੱਚ ਉਦਯੋਗ ਨੂੰ ਵੱਡਾ ਹੌਸਲਾ ਮਿਲੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਰਾਜ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਪ੍ਰਸ਼ਾਸਕੀ ਢਾਂਚੇ ਵਿੱਚ ਵਿਸ਼ਵ ਪੱਧਰੀ ਉਦਯੋਗ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।

ਟਾਟਾ ਸਟੀਲ ਦੇ ਇਕ ਸੀਨੀਅਰ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦਿਆਂ, ਜਿਸ ਵਿੱਚ ਵਾਈਸ ਪ੍ਰੈਜ਼ੀਡੈਂਟ (ਲਾਂਗ ਪ੍ਰੋਡਕਟਸ) ਆਸ਼ੀਸ਼ ਅਨੂਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ, ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਗਰੁੱਪ ਦੁਨੀਆ ਦੇ ਅਗੇਵਾਨ ਸਟੀਲ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸ ਦੀ ਕੱਚੇ ਸਟੀਲ ਦੀ ਸਾਲਾਨਾ ਉਤਪਾਦਨ ਸਮਰੱਥਾ ਲਗਭਗ 34 ਮਿਲੀਅਨ ਟਨ ਹੈ ਅਤੇ ਵਿਸ਼ਵ ਦੇ ਵੱਖ-ਵੱਖ ਭੌਗੋਲਿਕ ਖੇਤਰਾਂ ਵਿੱਚ ਇਸਦੀ ਮਜ਼ਬੂਤ ਮੌਜੂਦਗੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਲਿਮਿਟੇਡ ਲੁਧਿਆਣਾ ਦੀ ਹਾਈ-ਟੈਕ ਵੈਲੀ ਦੇ ਨੇੜੇ ਰੀਬਾਰ ਮਿਲ ਨਾਲ 0.75 ਐਮ.ਟੀ.ਪੀ.ਏ. ਇਲੈਕਟ੍ਰਿਕ ਆਰਕ ਫਰਨੇਸ ਆਧਾਰਿਤ ਸਟੀਲ-ਮੇਕਿੰਗ ਸਹੂਲਤ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 115 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਵਿੱਚ ਸ਼ੁਰੂ ਵਿੱਚ ਲਗਭਗ 2,600 ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਸੀ, ਜੋ ਹੁਣ ਵੱਧ ਕੇ 3,200 ਕਰੋੜ ਰੁਪਏ ਹੋ ਗਿਆ ਹੈ। ਇਸ ਪਲਾਂਟ ਨਾਲ ਲਗਭਗ 2,500 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਹੋਰ ਮਜ਼ਬੂਤੀ ਮਿਲੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਯੂਨਿਟ 100 ਪ੍ਰਤੀਸ਼ਤ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗੀ ਅਤੇ ਟਿਕਾਊ ਅਤੇ ਪਰਿਆਵਰਣ-ਮਿਤਰ ਉਤਪਾਦਨ ਪ੍ਰਕਿਰਿਆ ਅਪਣਾਏਗੀ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਆਰਕ ਫਰਨੇਸ ਤਕਨੀਕ ਰਵਾਇਤੀ ਬਲਾਸਟ ਫਰਨੇਸ ਤਕਨੀਕ ਦੇ ਮੁਕਾਬਲੇ ਕਾਰਬਨ ਉਤਸਰਜਨ ਨੂੰ ਕਾਫ਼ੀ ਹੱਦ ਤੱਕ ਘਟਾਉਂਦੀ ਹੈ, ਜੋ ਪਰਿਆਵਰਣ-ਮਿਤਰ ਅਤੇ ਟਿਕਾਊ ਉਦਯੋਗਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।

ਪੰਜਾਬ ਸਰਕਾਰ ਵੱਲੋਂ ਨਿਭਾਈ ਗਈ ਸਰਗਰਮ ਭੂਮਿਕਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਮੇਗਾ ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਸਮੇਂ-ਸਿਰ ਯਕੀਨੀ ਬਣਾਇਆ ਹੈ, ਜੋ ਪੰਜਾਬ ਦੀ ਉਦਯੋਗ-ਹਿਮਾਇਤੀ ਨੀਤੀਆਂ ਅਤੇ ਸਰਗਰਮ ਪ੍ਰਸ਼ਾਸਨਿਕ ਢਾਂਚੇ ਨੂੰ ਦਰਸਾਉਂਦਾ ਹੈ।

ਇਸ ਪ੍ਰੋਜੈਕਟ ਦੀ ਸ਼ੁਰੂਆਤ ਨੂੰ ਰਾਜ ਲਈ ਮਾਣ ਵਾਲੀ ਗੱਲ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ਵਿੱਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਪੰਜਾਬ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਲਗਾਤਾਰ ਉਦਯੋਗਿਕ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਟਾਟਾ ਸਟੀਲ ਨੂੰ ਪ੍ਰੋਜੈਕਟ ਦੇ ਸਫਲ ਸੰਚਾਲਨ ਅਤੇ ਭਵਿੱਖ ਵਿੱਚ ਹੋਰ ਵਿਸਥਾਰ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿੰਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *