ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਅੱਜ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ (ਰੀਲਾਈਨਿੰਗ) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਕਿਸਾਨਾਂ ਲਈ ਇਤਿਹਾਸਕ ਤੋਹਫਾ ਕਿਹਾ ਅਤੇ ਭਵਿੱਖ ਵਿੱਚ ਪੰਜਾਬ ਦੇ ਪਾਣੀਆਂ ਦੀ ਸੰਭਾਲ ਲਈ ਇਸ ਕਦਮ ਨੂੰ ਮਹੱਤਵਪੂਰਨ ਦੱਸਿਆ।

ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮਾਲਵਾ ਖੇਤਰ ਦੇ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਵਰਦਾਨ ਸਾਬਤ ਹੋਵੇਗਾ। ਇਸ ਨਾਲ ਖੇਤਾਂ ਵਿੱਚ ਨਹਿਰੀ ਪਾਣੀ ਦੀ ਪਹੁੰਚ ਵਧੇਗੀ ਅਤੇ ਸਿੰਚਾਈ ਸਮਰੱਥਾ ਵਿੱਚ 2681 ਕਿਊਸਿਕ ਦਾ ਵਾਧਾ ਹੋ ਕੇ ਕੁੱਲ ਸਮਰੱਥਾ 13,873 ਕਿਊਸਿਕ ਹੋ ਗਈ ਹੈ। ਪ੍ਰਾਜੈਕਟ ਦੀ ਲਾਗਤ 180 ਕਰੋੜ ਰੁਪਏ ਆਈ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀਆਂ ਸਰਕਾਰਾਂ 74 ਸਾਲਾਂ ਤੱਕ ਇਸ ਨਹਿਰ ਦੀ ਸਮਰੱਥਾ ਵਧਾਉਣ ਜਾਂ ਕੰਕਰੀਟ ਲਾਈਨਿੰਗ ਕਰਨ ਵਿੱਚ ਅਸਫਲ ਰਹੀਆਂ, ਪਰ ਮੌਜੂਦਾ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਵੱਡੇ ਸੁਧਾਰ ਕੀਤੇ ਹਨ। ਜਦੋਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲੀ ਸੀ, ਤਦ ਸਿਰਫ਼ 21% ਖੇਤਰਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਸੀ, ਜੋ ਹੁਣ 68% ਤੱਕ ਵਧ ਗਿਆ ਹੈ। ਆਉਣ ਵਾਲੇ ਸੀਜ਼ਨ ਤੱਕ ਇਹ ਦਰ 85% ਤੱਕ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਹਰੀਕੇ ਹੈਡਵਰਕਸ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਫਾਜ਼ਿਲਕਾ ਦੇ 14 ਬਲਾਕਾਂ ਨੂੰ ਸਿੰਚਾਈ ਦਾ ਪਾਣੀ ਪਹੁੰਚਾਏਗਾ। ਇਸ ਨਾਲ 6,45,200 ਹੈਕਟੇਅਰ ਰਕਬੇ ਨੂੰ ਫਾਇਦਾ ਮਿਲੇਗਾ। ਉਨ੍ਹਾਂ ਨੇ ਵਾਟਰ ਰੀਚਾਰਜ ਸਿਸਟਮ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਸਰਹੱਦੀ ਪਿੰਡਾਂ ਨੂੰ ਸਾਫ਼ ਪਾਣੀ ਦੀ ਸਪਲਾਈ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਨਹਿਰ ਦੀ ਡੂੰਘਾਈ 18 ਫੁੱਟ ਤੋਂ ਵਧ ਕੇ 21 ਫੁੱਟ ਅਤੇ ਚੌੜਾਈ 163 ਫੁੱਟ ਤੋਂ ਵਧ ਕੇ 180 ਫੁੱਟ ਹੋ ਗਈ ਹੈ। ਪਹਿਲੇ ਪੜਾਅ ‘ਤੇ 126 ਸਰਕਾਰੀ ਮੁਲਾਜ਼ਮਾਂ ਅਤੇ 4,000 ਕਾਮਿਆਂ ਨੇ 15 ਕਿਲੋਮੀਟਰ ਲਾਈਨਿੰਗ 35 ਦਿਨਾਂ ਵਿੱਚ ਪੂਰੀ ਕੀਤੀ।”

ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ ਦੇ ਪਾਣੀ ਦੇ ਹਿੱਤਾਂ ਨਾਲ ਖੇਡਣ ਵਾਲੇ ਆਗੂਆਂ ਨੇ ਕਦੇ ਸੂਬੇ ਦੇ ਕਿਸਾਨਾਂ ਲਈ ਸੁਧਾਰ ਨਹੀਂ ਕੀਤਾ। ਇਸ ਪ੍ਰੋਜੈਕਟ ਨਾਲ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਖੁਸ਼ਹਾਲੀ ਅਤੇ ਆਰਥਿਕ ਮਜ਼ਬੂਤੀ ਮਿਲੇਗੀ।

Leave a Reply

Your email address will not be published. Required fields are marked *