ਯੂਟਿਊਬਰ ਨੈਂਸੀ ਗਰੇਵਾਲ ਦੀ ਹੱਤਿਆ ਮਾਮਲੇ ‘ਚ ਮਾਂ ਦੇ ਵੱਡੇ ਖੁਲਾਸੇ

ਕੈਨੇਡਾ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦੀ ਮਾਂ ਨੇ ਕੈਮਰੇ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਨੈਂਸੀ ਗਰੇਵਾਲ (45) ਦੀ ਮੋਂਟਰੀਅਲ ਨੇੜੇ ਲਸਾਲੇ ਇਲਾਕੇ ਵਿੱਚ ਉਸਦੇ ਘਰ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨੈਂਸੀ ਦਾ ਪਰਿਵਾਰ ਪਹਿਲਾਂ ਹਰਿਆਣਾ ਵਿੱਚ ਰਹਿੰਦਾ ਸੀ, ਬਾਅਦ ਵਿੱਚ ਉਹ ਲੁਧਿਆਣਾ ਸ਼ਿਫਟ ਹੋ ਗਿਆ ਸੀ, ਜਦਕਿ ਉਸਦੀ ਮਾਂ ਇਸ ਸਮੇਂ ਜਲੰਧਰ ਵਿੱਚ ਰਹਿੰਦੀ ਹੈ। ਪੁਲਿਸ ਦੇ ਮੁਤਾਬਕ ਮੰਗਲਵਾਰ ਰਾਤ ਨੂੰ ਇਹ ਹੱਤਿਆ ਹੋਈ।

ਆ ਰਹੇ ਸਨ ਧਮਕੀ ਭਰੇ ਫੋਨ

ਨੈਂਸੀ ਦੀ ਮਾਂ ਛਿੰਦਰਪਾਲ ਨੇ ਰੋਦੇ ਹੋਏ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਉਸਦੀ ਨੈਂਸੀ ਨਾਲ ਗੱਲ ਹੋਈ ਸੀ। ਉਸਨੇ ਕਿਹਾ ਕਿ ਨੈਂਸੀ ਦੀ ਬਹੁਤ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਪਿਛਲੇ ਚਾਰ ਮਹੀਨਿਆਂ ਤੋਂ ਉਸਨੂੰ ਧਮਕੀ ਭਰੇ ਕਾਲ ਆ ਰਹੇ ਸਨ। ਉਸਨੇ ਕੈਨੇਡਾ ਅਤੇ ਭਾਰਤ ਸਰਕਾਰ ਕੋਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਮਾਂ ਨੇ ਕਿਹਾ ਕਿ ਉਸਦੀ ਧੀ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ-ਪੀਟਿਆ ਗਿਆ ਸੀ ਅਤੇ ਡਾਕਟਰਾਂ ਦੇ ਮੁਤਾਬਕ ਗੰਭੀਰ ਚੋਟਾਂ ਕਾਰਨ ਉਸਦੀ ਮੌਤ ਹੋ ਗਈ।

ਮਾਂ ਨੇ ਲਗਾਏ ਗੰਭੀਰ ਦੋਸ਼

ਮਾਂ ਨੇ ਦੱਸਿਆ ਕਿ ਜਸਬੀਰ ਸਿੰਘ ਰੋਡੇ ਦਾ ਭਤੀਜਾ ਅਵਤਾਰ ਸਿੰਘ ਉਸਦੀ ਧੀ ਨਾਲ ਰੰਜਿਸ਼ ਰੱਖਦਾ ਸੀ ਅਤੇ ਕਹਿੰਦਾ ਸੀ ਕਿ ਨੈਂਸੀ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹੇ। ਨੈਂਸੀ ਇੱਕ ਐਸੀ ਲੜਕੀ ਸੀ ਜਿਸਨੇ ਆਪਣੀ ਨੌਕਰੀ ਛੱਡ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਸੀ ਅਤੇ ਉਸਦਾ ਘਰ ਵੀ ਸਾੜ ਦਿੱਤਾ ਗਿਆ ਸੀ, ਪਰ ਉਸ ਵੇਲੇ ਉਹ ਬਚ ਗਈ ਸੀ। ਕੁਝ ਦਿਨ ਪਹਿਲਾਂ ਇੱਕ ਵਿਅਕਤੀ ਮੂੰਹ ਢੱਕ ਕੇ ਉਸਦੇ ਘਰ ਦੀ ਰੇਕੀ ਕਰਨ ਵੀ ਆਇਆ ਸੀ, ਜੋ ਸੀਸੀਟੀਵੀ ਦੇਖ ਕੇ ਭੱਜ ਗਿਆ।

ਦੋ ਕੰਪਨੀਆਂ ਵਿੱਚ ਕਰਦੀ ਸੀ ਕੰਮ

ਮਾਂ ਦੇ ਮੁਤਾਬਕ ਨੈਂਸੀ ਗਰੇਵਾਲ 2018 ਵਿੱਚ ਕੈਨੇਡਾ ਗਈ ਸੀ। ਨਰਸਿੰਗ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਦੋ ਕੰਪਨੀਆਂ ਵਿੱਚ ਕੰਮ ਕਰ ਰਹੀ ਸੀ। ਉਹ ਆਪਣੀ ਮਾਂ ਨਾਲ ਨਿਯਮਿਤ ਸੰਪਰਕ ਵਿੱਚ ਰਹਿੰਦੀ ਸੀ ਅਤੇ ਉਸਨੂੰ ਹਰ ਗੱਲ ਦੱਸਦੀ ਰਹਿੰਦੀ ਸੀ। ਉਸਨੂੰ ਮਿਲ ਰਹੀਆਂ ਧਮਕੀਆਂ ਦੀ ਸ਼ਿਕਾਇਤ ਪੁਲਿਸ ਕੋਲ ਵੀ ਕੀਤੀ ਗਈ ਸੀ।

ਘਟਨਾ ਕਿਵੇਂ ਹੋਈ

ਇਹ ਘਟਨਾ ਲਸਾਲੇ ਦੇ ਸੈਂਟ-ਲੂਸ ਕ੍ਰੈਸੈਂਟ ਸਥਿਤ ਇਕ ਇਮਾਰਤ ਵਿੱਚ ਹੋਈ। ਸਵੇਰੇ ਪੁਲਿਸ ਨੂੰ ਐਮਰਜੈਂਸੀ ਕਾਲ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨੈਂਸੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸਦੇ ਸਰੀਰ ‘ਤੇ ਚਾਕੂਆਂ ਦੇ ਕਈ ਘਾਅ ਸਨ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੋਸ਼ਲ ਮੀਡੀਆ ‘ਤੇ ਰਹਿੰਦੀ ਸੀ ਸਰਗਰਮ

ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ ਅਤੇ ਭਾਰਤ-ਕੈਨੇਡਾ ਸੰਬੰਧਾਂ ਅਤੇ ਰਾਜਨੀਤੀ ‘ਤੇ ਖੁੱਲ ਕੇ ਬੋਲਦੀ ਸੀ। ਉਸਨੇ ਖਾਲਿਸਤਾਨੀਆਂ, ਡੇਰਾ ਬਿਆਸ ਮੁਖੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਬਾਰੇ ਵੀ ਆਲੋਚਨਾ ਕੀਤੀ ਸੀ।

ਆਖਰੀ ਪੋਸਟ ਵੀ ਚਰਚਾ ਵਿੱਚ

ਹੱਤਿਆ ਤੋਂ ਕੁਝ ਦਿਨ ਪਹਿਲਾਂ ਨੈਂਸੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਸਨੇ ਅਕਾਲ ਤਖ਼ਤ ਦੇ ਜਥੇਦਾਰ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਇਹ ਵੀਡੀਓ ਹੁਣ ਪੁਲਿਸ ਜਾਂਚ ਦਾ ਹਿੱਸਾ ਬਣ ਗਿਆ ਹੈ।

ਡੇਰਾ ਮੁਖੀ ‘ਤੇ ਵੀ ਉਠਾਏ ਸਨ ਸਵਾਲ

ਇੱਕ ਹੋਰ ਪੁਰਾਣੇ ਵੀਡੀਓ ਵਿੱਚ ਨੈਂਸੀ ਨੇ ਬਿਆਸ ਸਥਿਤ ਰਾਧਾ ਸੁਆਮੀ ਸਤਸੰਗ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਵੀ ਸਵਾਲ ਉਠਾਏ ਸਨ ਅਤੇ ਡੇਰੇ ਵੱਲੋਂ ਕੀਤੇ ਜਾਣ ਵਾਲੇ ਸਮਾਜਿਕ ਕੰਮਾਂ ਬਾਰੇ ਪੁੱਛਿਆ ਸੀ।

ਹੱਤਿਆ ਦੇ ਪਿੱਛੇ ਕੌਣ?

ਨੈਂਸੀ ਨੇ ਆਪਣੇ ਵੀਡੀਓਜ਼ ਵਿੱਚ ਕਈ ਨੇਤਾਵਾਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਹਸਤੀਆਂ ‘ਤੇ ਟਿੱਪਣੀਆਂ ਕੀਤੀਆਂ ਸਨ। ਨਿਹੰਗ ਸਿੰਘ ਅਕਾਲੀ ਜਸਦੀਪ ਸਿੰਘ ਨੇ ਕਿਹਾ ਕਿ ਜੇ ਕਿਸੇ ਇੱਕ ਵਿਅਕਤੀ ਜਾਂ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ ਹੁੰਦਾ ਤਾਂ ਮਾਮਲਾ ਸਪਸ਼ਟ ਹੁੰਦਾ, ਪਰ ਨੈਂਸੀ ਨੇ ਕਈ ਲੋਕਾਂ ‘ਤੇ ਟਿੱਪਣੀਆਂ ਕੀਤੀਆਂ ਸਨ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਵਾਰਦਾਤ ਦੇ ਪਿੱਛੇ ਕੌਣ ਹੈ। ਪੁਲਿਸ ਜਾਂਚ ਜਾਰੀ ਹੈ।

Leave a Reply

Your email address will not be published. Required fields are marked *