ਪੰਜਾਬ ਵਿੱਚ ਮਾਈਨਿੰਗ ਅਤੇ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰਾਂ ਵੱਲ ਕਦਮ ਚੁੱਕਦੇ ਹੋਏ ਪੰਜਾਬ ਵਿਧਾਨ ਸਭਾ ਨੇ ਸੋਮਵਾਰ ਨੂੰ ਬਜਟ ਸੈਸ਼ਨ ਦੇ ਆਖ਼ਰੀ ਦਿਨ ਪੰਜਾਬ ਰੈਗੂਲੇਸ਼ਨ ਆਫ਼ ਕ੍ਰਸ਼ਰ ਯੂਨਿਟਸ ਐਂਡ ਸਟਾਕਿਸਟ ਐਂਡ ਰਿਟੇਲਰਜ਼ (ਸੰਸ਼ੋਧਨ) ਬਿੱਲ 2026 ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਵਰਲਡ ਕਲਾਸ ਯੂਨੀਵਰਸਿਟੀ ਪੰਜਾਬ 2026 ਬਿੱਲ ਪਾਸ ਕਰ ਦਿੱਤੇ। ਇਹ ਯੂਨੀਵਰਸਿਟੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਣਾਈ ਜਾਵੇਗੀ।
ਪੰਜਾਬ ਰੈਗੂਲੇਸ਼ਨ ਆਫ਼ ਕ੍ਰਸ਼ਰ ਯੂਨਿਟਸ ਐਂਡ ਸਟਾਕਿਸਟ ਐਂਡ ਰਿਟੇਲਰਜ਼ (ਸੰਸ਼ੋਧਨ) 2026 ਬਿੱਲ ਜਲ ਸੰਸਾਧਨ ਅਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਯਲ ਵੱਲੋਂ ਪੇਸ਼ ਕੀਤਾ ਗਿਆ, ਜਦਕਿ ਦੂਜਾ ਬਿੱਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਸ਼ ਕੀਤਾ। ਦੋਵੇਂ ਬਿੱਲ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਖਣਨ ਮੰਤਰੀ ਬਰਿੰਦਰ ਗੋਯਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕ੍ਰਸ਼ਰ ਯੂਨਿਟਾਂ ਅਤੇ ਇਸ ਨਾਲ ਜੁੜੇ ਕਾਰੋਬਾਰਾਂ ਦੇ ਨਿਯਮਨ ਨੂੰ ਸੁਧਾਰਨ ਲਈ ਇਹ ਕਦਮ ਚੁੱਕਿਆ ਹੈ। ਇਹ ਬਿੱਲ ਪਹਿਲਾਂ ਜਾਰੀ ਕੀਤੇ ਗਏ ਇਕ ਅਧਿਆਦੇਸ਼ ਦੀ ਥਾਂ ਲਵੇਗਾ ਅਤੇ ਇਸ ਖੇਤਰ ਵਿੱਚ ਹੋਰ ਸਪਸ਼ਟਤਾ, ਜਵਾਬਦੇਹੀ ਅਤੇ ਵਾਤਾਵਰਣੀ ਨਿਗਰਾਨੀ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਬਿੱਲ ਦਾ ਮਕਸਦ ਗੈਰਕਾਨੂੰਨੀ ਖਣਨ ’ਤੇ ਰੋਕ ਲਗਾਉਣਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਇਸ ਕਾਨੂੰਨ ਤਹਿਤ ਜ਼ਿਲ੍ਹਾ ਖਣਨ ਅਧਿਕਾਰੀਆਂ ਨੂੰ ਦਸਤਾਵੇਜ਼ਾਂ ਅਤੇ ਬਿਨਾਂ ਹਿਸਾਬ ਵਾਲੇ ਮਾਲ ਨੂੰ ਜ਼ਬਤ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ।
ਜੇਕਰ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਤਾਂ ਅਜਿਹੇ ਮਾਲ ਦੀ ਨੀਲਾਮੀ ਕਰਨ ਦੇ ਪ੍ਰਬੰਧ ਵੀ ਇਸ ਵਿੱਚ ਸ਼ਾਮਲ ਹਨ।
ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰੇਤ ਖਣਨ ਤੋਂ 20,000 ਕਰੋੜ ਰੁਪਏ ਰਾਜਸਵ ਇਕੱਠਾ ਕਰਨ ਦਾ ਵਾਅਦਾ ਕੀਤਾ ਸੀ। ਇਸ ’ਤੇ ਮੰਤਰੀ ਗੋਯਲ ਨੇ ਕਿਹਾ ਕਿ ਫਾਜ਼ਿਲਕਾ ਖੇਤਰ ਵਿੱਚ ਪੋਟਾਸ਼ ਮਿਲੀ ਹੈ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਸਮੇਂ ਸਿਰ ਖਣਨ ਕਰਦੀ ਤਾਂ ਰਾਇਲਟੀ ਦੇ ਰੂਪ ਵਿੱਚ 20,000 ਕਰੋੜ ਰੁਪਏ ਤੋਂ ਵੱਧ ਰਾਜਸਵ ਪ੍ਰਾਪਤ ਹੋ ਸਕਦਾ ਸੀ। ਇਸ ’ਤੇ ਬਾਜਵਾ ਨੇ ਕਿਹਾ ਕਿ ਮਿਨਰਲਜ਼ ਦੀ ਗੱਲ ਨਹੀਂ ਕੀਤੀ ਗਈ ਸੀ, ਰਾਜਸਵ ਤਾਂ ਰੇਤ ਤੋਂ ਇਕੱਠਾ ਕਰਨ ਦੀ ਗੱਲ ਕੀਤੀ ਗਈ ਸੀ।
