ਮੋਗਾ ਵਿੱਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜੋ ਲੋੜ ਪੈਣ ‘ਤੇ ਕਣਕ ਖਰੀਦ ਦਾ ਕੰਮ ਸੰਭਾਲਣਗੀਆਂ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕਣਕ ਦੇ ਹਰ ਦਾਣੇ ਦੀ ਸਹੀ ਖਰੀਦ ਅਤੇ ਲਿਫਟਿੰਗ ਯਕੀਨੀ ਬਣਾਈ ਜਾਵੇਗੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 13 ਅਪ੍ਰੈਲ ਤੋਂ ‘30 ਦਿਨ ਤਕਸੀਮ’ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਕਿਸਾਨਾਂ ਦੀ ਜ਼ਮੀਨ ਦੀ ਤਕਸੀਮ ਲਈ ਅਰਜ਼ੀ ਦੇਣ ਤੋਂ 30 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਇਸ ਦਾ ਮਕਸਦ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਝਗੜਿਆਂ ਨੂੰ ਖਤਮ ਕਰਨਾ ਹੈ।
2027 ਦੀਆਂ ਚੋਣਾਂ ਲਈ ਲੋਕਾਂ ਤੋਂ ਸਮਰਥਨ ਮੰਗਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਲਗਭਗ 65 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 43 ਹਜ਼ਾਰ ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਕਾਰਪੇਟਿੰਗ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦਿਨ ਦੇ ਸਮੇਂ ਸਮੇਤ 8 ਘੰਟੇ ਬਿਜਲੀ ਦੀ ਸਪਲਾਈ ਵੀ ਯਕੀਨੀ ਬਣਾਈ ਗਈ ਹੈ।
CM ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਹਿਰੀ ਪਾਣੀ ਦੇ ਇਸਤੇਮਾਲ ਵਿੱਚ ਵੱਡਾ ਵਾਧਾ ਹੋਇਆ ਹੈ। ਇਹ ਪਹਿਲਾਂ 22 ਫੀਸਦੀ ਸੀ, ਜੋ ਹੁਣ ਵੱਧ ਕੇ 78 ਫੀਸਦੀ ਹੋ ਗਿਆ ਹੈ ਅਤੇ ਆਉਣ ਵਾਲੇ ਖਰੀਫ਼ ਸੀਜ਼ਨ ਵਿੱਚ ਇਸ ਨੂੰ 90 ਫੀਸਦੀ ਤੱਕ ਲੈ ਜਾਣ ਦਾ ਟੀਚਾ ਹੈ।
ਉਨ੍ਹਾਂ ਦੱਸਿਆ ਕਿ ਫਸਲਾਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਵਾਲੀ ਅੱਗ ਤੋਂ ਬਚਾਉਣ ਲਈ ਖੇਤਾਂ ਵਿੱਚ ਅੰਡਰਗਰਾਊਂਡ ਬਿਜਲੀ ਵਾਇਰਿੰਗ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। CM ਮਾਨ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਪਿੰਡ ਵਿੱਚ 1100 ਤੋਂ ਵੱਧ ਬਿਜਲੀ ਦੇ ਖੰਭੇ ਹਟਾ ਕੇ ਅੰਡਰਗਰਾਊਂਡ ਫਾਈਬਰ ਵਾਇਰਿੰਗ ਕੀਤੀ ਜਾ ਰਹੀ ਹੈ ਅਤੇ ਇਸ ਮਾਡਲ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦਾ ਟੀਚਾ ਹੈ।
ਸਿੱਖਿਆ ਨੂੰ “ਹਰ ਸਮੱਸਿਆ ਦਾ ਹੱਲ” ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਬੱਚਿਆਂ ਨੂੰ ਵਧੀਆ ਮੌਕੇ ਮਿਲ ਸਕਣ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਣ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਫਿੰਗਰਪ੍ਰਿੰਟ ਦੀ ਲਾਜ਼ਮੀ ਸ਼ਰਤ ਖਤਮ ਕੀਤੀ ਜਾਵੇਗੀ, ਕਿਉਂਕਿ ਮਿਹਨਤਕਸ਼ ਲੋਕਾਂ ਦੇ ਹੱਥਾਂ ਦੇ ਨਿਸ਼ਾਨ ਅਕਸਰ ਮਿਟ ਜਾਂਦੇ ਹਨ।
ਰੈਲੀ ਦੌਰਾਨ CM ਮਾਨ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਆਗੂ ਪੰਜਾਬ ਦੇ ਸਥਾਨਕ ਨੇਤਾਵਾਂ ਨੂੰ ਨਹੀਂ ਜਾਣਦੇ। ਉਨ੍ਹਾਂ ਦੋਸ਼ ਲਗਾਇਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਿਰਫ਼ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਇਕੱਠੀਆਂ ਹੋ ਰਹੀਆਂ ਹਨ।
ਮੁੱਖ ਮੰਤਰੀ ਨੇ 32 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਸਿਹਤ ਬੀਮੇ, ਮੁਹੱਲਾ ਕਲੀਨਿਕਾਂ ਅਤੇ ਟੋਲ ਪਲਾਜ਼ੇ ਹਟਾਉਣ ਵਰਗੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ‘ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਉਮੜੀ ਭਾਰੀ ਭੀੜ ਇਸ ਗੱਲ ਦਾ ਸੰਕੇਤ ਹੈ ਕਿ 2027 ਵਿੱਚ ਆਮ ਆਦਮੀ ਪਾਰਟੀ ਮੁੜ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਵੇਗੀ।
