ਆੜ੍ਹਤੀਆਂ ਦੀ ਹੜਤਾਲ ਵਿਚਾਲੇ CM ਮਾਨ ਦਾ ਭਰੋਸਾ — “ਕਿਸਾਨਾਂ ਦੇ ਇਕ-ਇਕ ਦਾਣੇ ਦਾ ਮੈਂ ਜ਼ਿੰਮੇਵਾਰ”

ਮੋਗਾ ਦੀ ਅਨਾਜ ਮੰਡੀ ‘ਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਕਿਹਾ, “ਕਿਸਾਨਾਂ ਦੇ ਇਕ-ਇਕ ਦਾਣੇ ਦਾ ਜ਼ਿੰਮੇਵਾਰ ਮੈਂ ਹਾਂ। ਜਦੋਂ ਤੱਕ ਝਾੜ ਨਹੀਂ ਵਿਕਦਾ, ਮੈਂ ਨਹੀਂ ਟਿਕਦਾ।”

CM ਮਾਨ ਨੇ ਦੱਸਿਆ ਕਿ ਆੜ੍ਹਤੀਆਂ ਦੀ ਹੜਤਾਲ ਦੇ ਮੱਦੇਨਜ਼ਰ ਸਰਕਾਰ ਨੇ ਪਹਿਲਾਂ ਹੀ ਕੋ-ਆਪਰੇਟਿਵ ਸੋਸਾਇਟੀਆਂ ਦੀ ਲਿਸਟ ਤਿਆਰ ਕਰ ਲਈ ਹੈ। ਜੇ ਲੋੜ ਪਈ ਤਾਂ ਇਹ ਸੋਸਾਇਟੀਆਂ ਕਣਕ ਦੀ ਖਰੀਦ ਦਾ ਕੰਮ ਸੰਭਾਲਣਗੀਆਂ, ਤਾਂ ਜੋ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਨਾ ਫਸੇ। ਉਨ੍ਹਾਂ ਕਿਹਾ ਕਿ ਹਰ ਇਕ ਦਾਣੇ ਦੀ ਸਹੀ ਅਤੇ ਸਮੇਂ ਸਿਰ ਖਰੀਦ ਯਕੀਨੀ ਬਣਾਈ ਜਾਵੇਗੀ।

ਆੜ੍ਹਤੀਆਂ ਦੀ ਹੜਤਾਲ ਬਾਰੇ ਬੋਲਦਿਆਂ CM ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਨਹੀਂ, ਸਗੋਂ ਕੇਂਦਰ ਸਰਕਾਰ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਨਾਲ ਖੜ੍ਹੇ ਰਹਿਣ ਵਾਲੇ ਆੜ੍ਹਤੀਆਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਜਿਹੜੇ ਆੜ੍ਹਤੀ ਹੜਤਾਲ ‘ਚ ਸ਼ਾਮਲ ਨਹੀਂ ਹੋਏ, ਉਨ੍ਹਾਂ ਨੂੰ ਸ਼ੈਲਰ ਤਕਸੀਮ ‘ਚ ਪਹਿਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੋ-ਆਪਰੇਟਿਵ ਸੁਸਾਇਟੀਆਂ ਦੀ ਆੜ੍ਹਤ ਦਾ ਕੋਟਾ ਵੀ ਵਧਾਇਆ ਜਾਵੇਗਾ।

ਮੁੱਖ ਮੰਤਰੀ ਨੇ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ 13 ਅਪ੍ਰੈਲ ਤੋਂ “30 ਦਿਨ ਤਕਸੀਮ” ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਿਰਫ਼ ਇੱਕ ਮਹੀਨੇ ਦੇ ਅੰਦਰ-ਅੰਦਰ ਜ਼ਮੀਨਾਂ ਅਤੇ ਜਾਇਦਾਦਾਂ ਦੀ ਤਕਸੀਮ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮਾਮਲੇ ਲੰਬੇ ਸਮੇਂ ਤੋਂ ਅਦਾਲਤਾਂ ਵਿੱਚ ਚੱਲ ਰਹੇ ਹਨ, ਉਨ੍ਹਾਂ ਦੀ ਤਕਸੀਮ ਵੀ ਇਸ ਯੋਜਨਾ ਤਹਿਤ ਕਰਵਾਈ ਜਾਵੇਗੀ।

ਰੈਲੀ ਦੌਰਾਨ CM ਮਾਨ ਨੇ ਖੇਤੀਬਾੜੀ ਨਾਲ ਜੁੜੇ ਬੁਨਿਆਦੀ ਢਾਂਚੇ ‘ਤੇ ਵੀ ਵੱਡੇ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਆਉਂਦੇ ਝੋਨੇ ਦੇ ਸੀਜ਼ਨ ਤੱਕ ਪੰਜਾਬ ਵਿੱਚ 90 ਫ਼ੀਸਦੀ ਖੇਤਰ ਤੱਕ ਨਹਿਰੀ ਸਿੰਜਾਈ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ 22 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ, ਜਦਕਿ ਪਿਛਲੇ ਚਾਰ ਸਾਲਾਂ ਵਿੱਚ ਇਹ ਅੰਕੜਾ 78 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਉੱਪਰੋਂ ਲੰਘਦੀਆਂ ਤਾਰਾਂ ਤੋਂ ਵੀ ਛੁਟਕਾਰਾ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ, ਜਿਸ ਨਾਲ ਮੀਂਹ, ਹਨੇਰੀ ਜਾਂ ਤੂਫ਼ਾਨ ਦਾ ਬਿਜਲੀ ਸਪਲਾਈ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਨਾਲ ਸਪਾਰਕਿੰਗ ਕਾਰਨ ਫਸਲਾਂ ਨੂੰ ਅੱਗ ਲੱਗਣ ਦੇ ਖ਼ਤਰੇ ਨੂੰ ਵੀ ਖਤਮ ਕੀਤਾ ਜਾ ਸਕੇਗਾ।

Leave a Reply

Your email address will not be published. Required fields are marked *