ਕਪੂਰਥਲਾ ਜੇਲ੍ਹ ‘ਚ ਕੈਦੀਆਂ ਵਿਚਾਲੇ ਝੜਪ, 3 ਕੈਦੀ ਜ਼ਖਮੀ, ਪੁਲਿਸ ਨੇ ਸੰਭਾਲੇ ਹਾਲਾਤ

ਪੰਜਾਬ ਦੇ ਕਪੂਰਥਲਾ ਵਿੱਚ ਸਥਿਤ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੈਦੀਆਂ ਦੇ ਦੋ ਗਰੁੱਪਾਂ ਵਿਚਾਲੇ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ ਜੇਲ੍ਹ ਦੇ ਅੰਦਰ ਬੈਰਕ ਬਦਲਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਕੁਝ ਹੀ ਸਮੇਂ ਵਿੱਚ ਵੱਡੇ ਝਗੜੇ ਵਿੱਚ ਤਬਦੀਲ ਹੋ ਗਿਆ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਕੁਝ ਕੈਦੀਆਂ ਨੇ ਜੇਲ੍ਹ ਦੀਆਂ ਕੰਧਾਂ ਟੱਪ ਕੇ ਬੈਰਕਾਂ ਵਿੱਚ ਅੱਗ ਲਗਾ ਦਿੱਤੀ ਅਤੇ ਮਸ਼ਾਲਾਂ ਲੈ ਕੇ ਜੇਲ੍ਹ ਦੀਆਂ ਛੱਤਾਂ ‘ਤੇ ਚੜ੍ਹ ਗਏ।

ਘਟਨਾ ਦੌਰਾਨ ਜੇਲ੍ਹ ਅੰਦਰ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਇਸ ਝਗੜੇ ਵਿੱਚ ਤਿੰਨ ਕੈਦੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਹੰਗਾਮੇ ਦੌਰਾਨ ਕੈਦੀਆਂ ਵੱਲੋਂ ਖੁਦ ਬਣਾਈਆਂ ਗਈਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਪੂਰਥਲਾ ਦੇ SSP ਨੇ ਦੱਸਿਆ ਕਿ ਕੈਦੀਆਂ ਵਿਚਾਲੇ ਬੈਰਕ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਹਾਲਾਤ ਤਣਾਅਪੂਰਨ ਬਣ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਦੀ ਛੱਤ ‘ਤੇ ਚੜ੍ਹੇ ਕੈਦੀਆਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਅਤੇ ਹਾਲਾਤਾਂ ਨੂੰ ਕਾਬੂ ਕੀਤਾ।

SSP ਮੁਤਾਬਕ ਇਸ ਪੂਰੀ ਘਟਨਾ ਦੌਰਾਨ ਕੋਈ ਵੀ ਕੈਦੀ ਜੇਲ੍ਹ ਵਿੱਚੋਂ ਫਰਾਰ ਨਹੀਂ ਹੋਇਆ ਅਤੇ ਨਾ ਹੀ ਕਿਸੇ ਪੁਲਿਸ ਕਰਮੀ ਨੂੰ ਸੱਟ ਲੱਗੀ ਹੈ। ਪ੍ਰਸ਼ਾਸਨ ਵੱਲੋਂ ਹੁਣ ਜੇਲ੍ਹ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਝਗੜਾ ਕਿਸ ਕਾਰਨ ਵਧਿਆ ਅਤੇ ਅੱਗਜ਼ਨੀ ਦੀ ਯੋਜਨਾ ਕਿਵੇਂ ਬਣੀ।

Leave a Reply

Your email address will not be published. Required fields are marked *