ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਅਚਾਨਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਭਿਆਨਕ ਗਰਮੀ ਅਤੇ ਲੂ ਤੋਂ ਬਾਅਦ ਹੁਣ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਮੀਂਹ, ਤੇਜ਼ ਤੂਫ਼ਾਨ ਅਤੇ ਬਿਜਲੀ ਡਿਗਣ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ, ਜਦਕਿ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੇ ਆਸਾਰ ਵੀ ਬਣੇ ਹੋਏ ਹਨ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਅਧਿਕਤਮ ਤਾਪਮਾਨ ਵਿੱਚ ਲਗਭਗ 2.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਪਮਾਨ 1 ਤੋਂ 4 ਡਿਗਰੀ ਤੱਕ ਘਟਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਤੇਜ਼ ਤੂਫ਼ਾਨ, ਬਿਜਲੀ ਚਮਕਣ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਅੱਜ ਅਤੇ ਭਲਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ, ਜਦਕਿ 31 ਤਰੀਕ ਨੂੰ ਕੁਝ ਹੀ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਧਿਕਤਮ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਵਧਣ ਦੀ ਸੰਭਾਵਨਾ ਬਣੀ ਹੋਈ ਹੈ।
ਉੱਥੇ ਹੀ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੇ ਮੀਂਹ ਦੇ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਬਠਿੰਡਾ ਵਿੱਚ ਵੀ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।
