NEET-UG ਮੁੜ ਪ੍ਰੀਖਿਆ ਨੂੰ ਲੈ ਕੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ। ਪੇਪਰ ਲੀਕ ਵਿਵਾਦ ਤੋਂ ਬਾਅਦ 21 ਜੂਨ ਨੂੰ ਹੋਣ ਜਾ ਰਹੀ ਰੀ-ਪ੍ਰੀਖਿਆ ਲਈ NTA ਨੇ ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉੱਤਰ ਪੁਸਤਿਕਾ ਦੇ ਲੇਆਉਟ ਅਤੇ ਪ੍ਰੀਖਿਆ ਸਮੇਂ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ।
NTA ਮੁਤਾਬਕ, ਹੁਣ ਉਮੀਦਵਾਰਾਂ ਨੂੰ ਰਫ਼ ਵਰਕ ਲਈ ਪਹਿਲਾਂ ਨਾਲੋਂ ਵੱਧ ਜਗ੍ਹਾ ਮਿਲੇਗੀ। ਜਿੱਥੇ ਪਹਿਲਾਂ ਪ੍ਰਸ਼ਨ ਪੱਤਰ ਵਿੱਚ ਸਿਰਫ਼ ਦੋ ਪੰਨੇ ਰਫ਼ ਵਰਕ ਲਈ ਹੁੰਦੇ ਸਨ, ਉੱਥੇ ਹੁਣ ਚਾਰ ਪੰਨੇ ਦਿੱਤੇ ਜਾਣਗੇ। ਨਵੇਂ ਡਿਜ਼ਾਈਨ ਅਨੁਸਾਰ ਦੋ ਪੰਨੇ ਪ੍ਰਸ਼ਨ ਪੱਤਰ ਦੇ ਸ਼ੁਰੂ ਵਿੱਚ ਅਤੇ ਦੋ ਅੰਤ ਵਿੱਚ ਹੋਣਗੇ, ਤਾਂ ਜੋ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਉਨ੍ਹਾਂ ਦੀ ਵਰਤੋਂ ਕਰ ਸਕਣ।
NTA ਨੇ ਦੱਸਿਆ ਕਿ ਇਹ ਤਬਦੀਲੀ ਉਮੀਦਵਾਰਾਂ ਤੋਂ ਮਿਲੇ ਫੀਡਬੈਕ ਦੇ ਆਧਾਰ ‘ਤੇ ਕੀਤੀ ਗਈ ਹੈ। ਖ਼ਾਸ ਕਰਕੇ ਖੱਬੇ ਹੱਥ ਨਾਲ ਲਿਖਣ ਵਾਲੇ ਵਿਦਿਆਰਥੀਆਂ ਨੂੰ ਪਿਛਲੇ ਲੇਆਉਟ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਾਂ ਫਾਰਮੈਟ ਤਿਆਰ ਕੀਤਾ ਗਿਆ ਹੈ। ਇਹ ਲੇਆਉਟ ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਦੋਵਾਂ ਦੇ ਪ੍ਰਸ਼ਨ ਪੱਤਰਾਂ ਵਿੱਚ ਲਾਗੂ ਹੋਵੇਗਾ।
ਇਸ ਤੋਂ ਇਲਾਵਾ, NEET-UG ਰੀ-ਪ੍ਰੀਖਿਆ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਹੁਣ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਲਈ ਕੁੱਲ 195 ਮਿੰਟ ਮਿਲਣਗੇ, ਜੋ ਪਹਿਲਾਂ ਨਾਲੋਂ 15 ਮਿੰਟ ਵੱਧ ਹਨ। NTA ਅਨੁਸਾਰ ਇਹ ਵਾਧੂ ਸਮਾਂ ਹਾਜ਼ਰੀ, ਦਸਤਖ਼ਤ ਅਤੇ ਹੋਰ ਲਾਜ਼ਮੀ ਪ੍ਰਕਿਰਿਆਵਾਂ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਦਿੱਤਾ ਗਿਆ ਹੈ।
ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਕਰਵਾਈ ਜਾਵੇਗੀ। NTA ਦਾ ਕਹਿਣਾ ਹੈ ਕਿ ਇਹ ਸਾਰੇ ਬਦਲਾਅ ਵਿਦਿਆਰਥੀਆਂ ਨੂੰ ਹੋਰ ਸੁਵਿਧਾਜਨਕ ਅਤੇ ਪਾਰਦਰਸ਼ੀ ਪ੍ਰੀਖਿਆ ਅਨੁਭਵ ਦੇਣ ਲਈ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ 3 ਮਈ ਨੂੰ ਹੋਈ NEET-UG ਪ੍ਰੀਖਿਆ ਪੇਪਰ ਲੀਕ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਆ ਗਈ ਸੀ। ਇਸ ਮਾਮਲੇ ਦੀ ਜਾਂਚ CBI ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ NTA ਨੇ ਪ੍ਰੀਖਿਆ ਰੱਦ ਕਰ ਦਿੱਤੀ ਸੀ ਅਤੇ ਹੁਣ 21 ਜੂਨ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
