ਅੰਮ੍ਰਿਤਸਰ ਸਰਹੱਦ ਨੇੜੇ 27 ਕਿਲੋ ਹੈਰੋਇਨ ਬਰਾਮਦ, BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 27 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਵੱਲੋਂ ਡਰੋਨ ਦੀ ਮਦਦ ਨਾਲ ਅੰਮ੍ਰਿਤਸਰ ਦੇ ਘਰਿੰਡਾ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਭੇਜੀ ਗਈ ਹੈ। ਸੂਚਨਾ ਮਿਲਦੇ ਹੀ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਹਰਕਤ ਵਿੱਚ ਆ ਗਈਆਂ ਅਤੇ ਸਰਹੱਦੀ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਤਲਾਸ਼ੀ ਦੌਰਾਨ ਪੁਲ ਮੋਰਾਂ ਨੇੜੇ ਸ਼ੱਕੀ ਥਾਂ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ, ਜਿੱਥੋਂ 27 ਕਿਲੋ ਹੈਰੋਇਨ ਬਰਾਮਦ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਸ ਕਾਰਵਾਈ ਨਾਲ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਲਈ ਭੇਜੀ ਗਈ ਸੀ ਅਤੇ ਇਸ ਨੈੱਟਵਰਕ ਨਾਲ ਜੁੜੇ ਸਥਾਨਕ ਤਸਕਰ ਕੌਣ ਹਨ। ਨਾਲ ਹੀ ਡਰੋਨ ਰਾਹੀਂ ਨਸ਼ੇ ਦੀ ਤਸਕਰੀ ਕਰਨ ਵਾਲੇ ਸਰਹੱਦ ਪਾਰ ਬੈਠੇ ਤਸਕਰਾਂ ਦੇ ਨੈੱਟਵਰਕ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਅਜਨਾਲਾ-ਰਾਮਦਾਸ ਖੇਤਰ ਵਿੱਚ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਉਸ ਕਾਰਵਾਈ ਦੌਰਾਨ 25 ਪਿਸਤੌਲ, ਇੱਕ ਏਕੇ-47 ਰਾਈਫਲ, 360 ਜ਼ਿੰਦਾ ਕਾਰਤੂਸ, 47 ਮੈਗਜ਼ੀਨ ਅਤੇ ਇੱਕ ਬੁਲੇਟਪਰੂਫ ਜੈਕਟ ਬਰਾਮਦ ਕੀਤੀ ਗਈ ਸੀ।

ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ਵਿੱਚ ਡਰੋਨ ਗਤੀਵਿਧੀਆਂ ਅਤੇ ਤਸਕਰੀ ਦੇ ਯਤਨਾਂ ਨੂੰ ਰੋਕਣ ਲਈ ਲਗਾਤਾਰ ਤਲਾਸ਼ੀ ਅਤੇ ਨਿਗਰਾਨੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਅਤੇ ਹਥਿਆਰ ਤਸਕਰੀ ਤੋਂ ਮੁਕਤ ਕਰਨ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *