ਕੇਂਦਰ ਸਰਕਾਰ ਨੇ ਪਾਸਪੋਰਟ ਅਤੇ ਇਸ ਨਾਲ ਸਬੰਧਤ ਸੇਵਾਵਾਂ ਦੀਆਂ ਫੀਸਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪਾਸਪੋਰਟ (ਸੋਧ) ਨਿਯਮ, 2026 ਤਹਿਤ ਨਵੀਆਂ ਫੀਸਾਂ 1 ਜੁਲਾਈ 2026 ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੀਆਂ। ਇਹ ਕਰੀਬ 14 ਸਾਲਾਂ ਬਾਅਦ ਪਾਸਪੋਰਟ ਫੀਸ ਵਿੱਚ ਕੀਤਾ ਗਿਆ ਸਭ ਤੋਂ ਵੱਡਾ ਬਦਲਾਅ ਹੈ।
ਨਵੇਂ ਨਿਯਮਾਂ ਅਨੁਸਾਰ ਹੁਣ 36 ਪੰਨਿਆਂ ਵਾਲਾ ਆਮ ਪਾਸਪੋਰਟ ਬਣਵਾਉਣ ਜਾਂ ਰੀਨਿਊ ਕਰਵਾਉਣ ਲਈ ਨਾਰਮਲ ਕੈਟਾਗਰੀ ਵਿੱਚ ₹2,500 ਫੀਸ ਦੇਣੀ ਹੋਵੇਗੀ, ਜੋ ਪਹਿਲਾਂ ₹1,500 ਸੀ। ਜੇਕਰ ਤੁਸੀਂ ਤਤਕਾਲ ਸੇਵਾ ਰਾਹੀਂ ਪਾਸਪੋਰਟ ਬਣਵਾਉਂਦੇ ਹੋ ਤਾਂ ਹੁਣ ਇਸ ਲਈ ₹5,000 ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ 60 ਪੰਨਿਆਂ ਵਾਲੇ ਪਾਸਪੋਰਟ ਦੀ ਨਾਰਮਲ ਫੀਸ ₹3,500 ਅਤੇ ਤਤਕਾਲ ਫੀਸ ₹6,000 ਕਰ ਦਿੱਤੀ ਗਈ ਹੈ।
ਸਿਰਫ਼ ਨਵਾਂ ਪਾਸਪੋਰਟ ਹੀ ਨਹੀਂ, ਸਗੋਂ ਗੁੰਮ ਜਾਂ ਖਰਾਬ ਹੋਏ ਪਾਸਪੋਰਟ ਦੇ ਬਦਲੇ ਨਵਾਂ ਪਾਸਪੋਰਟ ਬਣਵਾਉਣ ਦੀ ਫੀਸ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ। ਜੇਕਰ 36 ਪੰਨਿਆਂ ਵਾਲਾ ਪਾਸਪੋਰਟ ਗੁੰਮ ਜਾਂਦਾ ਹੈ ਤਾਂ ਨਾਰਮਲ ਪ੍ਰਕਿਰਿਆ ਤਹਿਤ ਇਸ ਦੀ ਫੀਸ ₹5,000, ਜਦਕਿ ਤਤਕਾਲ ਸੇਵਾ ਤਹਿਤ ₹7,500 ਹੋਵੇਗੀ। ਉੱਥੇ ਹੀ 60 ਪੰਨਿਆਂ ਵਾਲੇ ਰਿਪਲੇਸਮੈਂਟ ਪਾਸਪੋਰਟ ਲਈ ਨਾਰਮਲ ਫੀਸ ₹6,000 ਅਤੇ ਤਤਕਾਲ ਫੀਸ ₹8,500 ਨਿਰਧਾਰਤ ਕੀਤੀ ਗਈ ਹੈ।
ਨਾਬਾਲਗ ਬਿਨੈਕਾਰਾਂ ਲਈ ਵੀ ਫੀਸਾਂ ਵਿੱਚ ਸੋਧ ਕੀਤੀ ਗਈ ਹੈ। ਜੇਕਰ ਕਿਸੇ ਬੱਚੇ ਦਾ 36 ਪੰਨਿਆਂ ਵਾਲਾ ਪਾਸਪੋਰਟ ਗੁੰਮ ਜਾਂ ਖਰਾਬ ਹੋ ਜਾਂਦਾ ਹੈ ਤਾਂ ਨਵਾਂ ਪਾਸਪੋਰਟ ਬਣਵਾਉਣ ਲਈ ਨਾਰਮਲ ਕੈਟਾਗਰੀ ਵਿੱਚ ₹4,250, ਜਦਕਿ ਤਤਕਾਲ ਸੇਵਾ ਲਈ ₹6,750 ਫੀਸ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੈਂਡਰ ਸਰਟੀਫਿਕੇਟ ਅਤੇ ਪਾਸਪੋਰਟ ਨਾਲ ਜੁੜੀਆਂ ਹੋਰ ਕਈ ਸੇਵਾਵਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ 1 ਜੁਲਾਈ 2026 ਤੋਂ ਪਾਸਪੋਰਟ ਨਾਲ ਜੁੜੀ ਹਰ ਸੇਵਾ ਲਈ ਨਵੀਂ ਫੀਸ ਲਾਗੂ ਹੋਵੇਗੀ ਅਤੇ ਇਸ ਦੇ ਨਾਲ ਹੀ ਪਾਸਪੋਰਟ ਨਿਯਮ 1980 ਦੀ ਪੁਰਾਣੀ ਫੀਸ ਸੂਚੀ ਨੂੰ ਰੱਦ ਕਰ ਦਿੱਤਾ ਜਾਵੇਗਾ।
ਜੇਕਰ ਤੁਸੀਂ ਨਵਾਂ ਪਾਸਪੋਰਟ ਬਣਵਾਉਣ ਜਾਂ ਪੁਰਾਣਾ ਰੀਨਿਊ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ 1 ਜੁਲਾਈ ਤੋਂ ਪਹਿਲਾਂ ਅਰਜ਼ੀ ਦੇਣ ‘ਤੇ ਪੁਰਾਣੀ ਫੀਸ ਲਾਗੂ ਹੋਵੇਗੀ, ਜਦਕਿ ਇਸ ਤੋਂ ਬਾਅਦ ਸਾਰੀਆਂ ਅਰਜ਼ੀਆਂ ‘ਤੇ ਨਵੀਂ ਫੀਸ ਅਨੁਸਾਰ ਭੁਗਤਾਨ ਕਰਨਾ ਪਵੇਗਾ।
