LIVE TV
ਤਾਜ਼ਾ ਖ਼ਬਰਾਂ
ਮੰਗਲਵਾਰ, 24 ਨਵੰਬਰ 2026
ਪੰਜਾਬ

ਚੰਡੀਗੜ੍ਹ ਵਿੱਚ ਅਹਿਮਦਾਬਾਦ, ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲਾਂ ਅਤੇ ਕੇਂਦਰੀ ਭੰਡਾਰ ਨਿਗਮ ਵੱਲੋਂ ‘ਟ੍ਰੇਡ ਮੀਟ 2026’ ਦਾ ਆਯੋਜਨ, ਗੁਜਰਾਤ, ਪੰਜਾਬ ਅਤੇ ਹਰਿਆਣਾ ਵਿਚਕਾਰ ਰੇਲ ਮਾਲ ਢੋਆ-ਢੁਆਈ ਅਤੇ ਵਪਾਰ ਨੂੰ ਮਿਲੇਗੀ ਨਵੀਂ ਰਫ਼ਤਾਰ

ਗੁਜਰਾਤ, ਪੰਜਾਬ ਅਤੇ ਹਰਿਆਣਾ ਵਿਚਕਾਰ ਵਪਾਰਕ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਣ, ਰੇਲ ਆਧਾਰਿਤ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਅਤੇ ਲੌਜਿਸਟਿਕਸ ਲਾਗਤ ਘਟਾਉਣ ਦੇ ਉਦੇਸ਼ ਨਾਲ ਪੱਛਮੀ ਰੇਲਵੇ ਦੇ ਅਹਿਮਦਾਬਾਦ ਮੰਡਲ, ਉੱਤਰੀ ਰੇਲਵੇ ਦੇ ਅੰਬਾਲਾ ਅਤੇ ਫਿਰੋਜ਼ਪੁਰ ਮੰਡਲਾਂ ਅਤੇ ਕੇਂਦਰੀ ਭੰਡਾਰ ਨਿਗਮ (CWC) ਦੇ ਸਾਂਝੇ ਤੱਤਵਾਧਾਨ ਹੇਠ ਸ਼ੁੱਕਰਵਾਰ, 20 ਨਵੰਬਰ 2026 ਨੂੰ ਚੰਡੀਗੜ੍ਹ ਸਥਿਤ ਹੋਟਲ ਤਾਜ ਵਿੱਚ ‘ਟ੍ਰੇਡ ਮੀਟ 2026’ ਦਾ ਆਯੋਜਨ ਕੀਤਾ ਗਿਆ।

ਇਸ ਮਹੱਤਵਪੂਰਨ ਵਪਾਰਕ ਸੰਮੇਲਨ ਵਿੱਚ CWC ਦੇ ਚੇਅਰਮੈਨ ਸ੍ਰੀ ਰਬਿੰਦਰ ਕੁਮਾਰ ਅਗਰਵਾਲ, DRM ਅਹਿਮਦਾਬਾਦ ਸ੍ਰੀ ਵੇਦ ਪ੍ਰਕਾਸ਼, ਅੰਬਾਲਾ ਮੰਡਲ ਦੇ DRM ਸ੍ਰੀ ਵਿਨੋਦ ਭਾਟੀਆ, ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਅਹਿਮਦਾਬਾਦ ਸ੍ਰੀ ਅੰਨੂ ਤਿਆਗੀ ਸਮੇਤ ਮਾਲ ਢੋਆ-ਢੁਆਈ ਅਤੇ ਉਦਯੋਗ ਜਗਤ ਦੇ ਨੁਮਾਇੰਦੇ ਮੌਜੂਦ ਰਹੇ। ਰੇਲਵੇ ਅਤੇ ਕੇਂਦਰੀ ਭੰਡਾਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਿਸਾਨਾਂ, ਵਪਾਰੀਆਂ, ਰਾਈਸ ਮਿੱਲ ਸੰਚਾਲਕਾਂ, ਉਦਯੋਗਪਤੀਆਂ, ਨਿਰਯਾਤਕਾਂ, ਦਰਾਮਦਕਾਰਾਂ, ਟਰਾਂਸਪੋਰਟਰਾਂ ਅਤੇ ਲੌਜਿਸਟਿਕਸ ਖੇਤਰ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਸੰਮੇਲਨ ਵਿੱਚ ਗੁਜਰਾਤ ਦੇ ਗਾਂਧੀਧਾਮ (ਕੱਛ) ਅਤੇ ਮਹਿਸਾਣਾ ਖੇਤਰ ਨੂੰ ਪੰਜਾਬ ਅਤੇ ਹਰਿਆਣਾ ਦੇ ਪ੍ਰਮੁੱਖ ਖੇਤੀਬਾੜੀ, ਉਦਯੋਗਿਕ ਅਤੇ ਵਪਾਰਕ ਕੇਂਦਰਾਂ ਨਾਲ ਜੋੜਨ ਅਤੇ ਦੋਵਾਂ ਦਿਸ਼ਾਵਾਂ ਵਿੱਚ ਰੇਲ ਮਾਲ ਢੋਆ-ਢੁਆਈ ਦੀਆਂ ਨਵੀਆਂ ਸੰਭਾਵਨਾਵਾਂ ਵਿਕਸਿਤ ਕਰਨ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਰਤੀ ਰੇਲਵੇ ਦਾ ਕਾਇਆਕਲਪ ਦੇਸ਼ ਦੀ ਆਰਥਿਕ ਤਰੱਕੀ ਨੂੰ ਦੇ ਰਿਹਾ ਨਵੀਂ ਰਫ਼ਤਾਰ: DRM ਸ੍ਰੀ ਵੇਦ ਪ੍ਰਕਾਸ਼

ਟ੍ਰੇਡ ਮੀਟ ਨੂੰ ਸੰਬੋਧਨ ਕਰਦੇ ਹੋਏ ਪੱਛਮੀ ਰੇਲਵੇ ਦੇ ਅਹਿਮਦਾਬਾਦ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਸ੍ਰੀ ਵੇਦ ਪ੍ਰਕਾਸ਼ ਨੇ ਕਿਹਾ ਕਿ ਭਾਰਤੀ ਰੇਲਵੇ ਅੱਜ ਇਤਿਹਾਸਕ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਆਧੁਨਿਕ ਰੇਲ ਬੁਨਿਆਦੀ ਢਾਂਚੇ, ਬਿਜਲੀਕਰਨ, ਡੈਡੀਕੇਟਿਡ ਫਰੇਟ ਕੋਰੀਡੋਰ, ਆਧੁਨਿਕ ਮਾਲ ਟਰਮੀਨਲਾਂ, ਸ਼ਕਤੀਸ਼ਾਲੀ ਇਲੈਕਟ੍ਰਿਕ ਲੋਕੋਮੋਟਿਵ ਅਤੇ ਨਵੀਆਂ ਮਾਲ ਢੋਆ-ਢੁਆਈ ਤਕਨੀਕਾਂ ਰਾਹੀਂ ਰੇਲਵੇ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਕਿਹਾ, “ਅੱਜ ਭਾਰਤੀ ਰੇਲਵੇ ਦੀ ਭੂਮਿਕਾ ਸਿਰਫ਼ ਯਾਤਰੀਆਂ ਅਤੇ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਤੱਕ ਸੀਮਤ ਨਹੀਂ ਹੈ। ਰੇਲਵੇ ਦੇਸ਼ ਦੇ ਆਰਥਿਕ ਵਿਕਾਸ, ਉਦਯੋਗਿਕ ਵਿਸਥਾਰ, ਖੇਤੀਬਾੜੀ ਉਤਪਾਦਾਂ ਲਈ ਨਵੇਂ ਬਾਜ਼ਾਰ ਵਿਕਸਿਤ ਕਰਨ ਅਤੇ ਭਾਰਤੀ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਦੇ ਯੋਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਸਾਡਾ ਟੀਚਾ ਹੈ ਕਿ ਵਪਾਰੀਆਂ ਦੀ ਆਵਾਜਾਈ ਲਾਗਤ ਘੱਟ ਹੋਵੇ, ਕਿਸਾਨਾਂ ਨੂੰ ਵੱਡੇ ਬਾਜ਼ਾਰ ਮਿਲਣ, ਉਦਯੋਗਾਂ ਨੂੰ ਬਿਹਤਰ ਕਨੈਕਟੀਵਿਟੀ ਮਿਲੇ ਅਤੇ ਨਿਰਯਾਤਕਾਂ ਨੂੰ ਭਰੋਸੇਯੋਗ ਲੌਜਿਸਟਿਕਸ ਸਹੂਲਤਾਂ ਉਪਲਬਧ ਹੋਣ।”

ਸ੍ਰੀ ਵੇਦ ਪ੍ਰਕਾਸ਼ ਨੇ ਰੇਲਵੇ ਵਿੱਚ ਵਧ ਰਹੇ ਨਿਵੇਸ਼, ਵਿਆਪਕ ਬਿਜਲੀਕਰਨ, ਆਧੁਨਿਕ ਮਾਲ ਢੋਆ-ਢੁਆਈ ਸਹੂਲਤਾਂ ਅਤੇ ਤਕਨੀਕੀ ਨਵੀਨਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤੀ ਰੇਲਵੇ ਦਾ ਆਧੁਨਿਕੀਕਰਨ ਦੇਸ਼ ਵਿੱਚ ਟਿਕਾਊ ਅਤੇ ਕੁਸ਼ਲ ਲੌਜਿਸਟਿਕਸ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਦੋਵਾਂ ਪਾਸਿਆਂ ਮਾਲ ਢੋਆ-ਢੁਆਈ ਨਾਲ ਘਟੇਗੀ ਲਾਗਤ, ਵਧੇਗੀ ਰੇਲਵੇ ਦੀ ਕਾਰਜਕੁਸ਼ਲਤਾ

DRM ਸ੍ਰੀ ਵੇਦ ਪ੍ਰਕਾਸ਼ ਨੇ ਗੁਜਰਾਤ, ਪੰਜਾਬ ਅਤੇ ਹਰਿਆਣਾ ਵਿਚਕਾਰ ਦੋਵਾਂ ਪਾਸਿਆਂ ਰੇਲ ਰਾਹੀਂ ਮਾਲ ਢੋਆ-ਢੁਆਈ ਦੀਆਂ ਸੰਭਾਵਨਾਵਾਂ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਲਗੱਡੀਆਂ ਦੀ ਬਿਹਤਰ ਵਰਤੋਂ ਲਈ ਦੋਵਾਂ ਦਿਸ਼ਾਵਾਂ ਵਿੱਚ ਲੋੜੀਂਦੇ ਮਾਲ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ, “ਜੇਕਰ ਪੰਜਾਬ ਅਤੇ ਹਰਿਆਣਾ ਤੋਂ ਚੌਲ, ਆਲੂ, ਖਾਧ ਪਦਾਰਥ ਅਤੇ ਨਿਰਯਾਤ ਕੰਟੇਨਰ ਲੈ ਕੇ ਮਾਲਗੱਡੀਆਂ ਗੁਜਰਾਤ ਆਉਂਦੀਆਂ ਹਨ, ਤਾਂ ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਵਾਪਸੀ ਸਮੇਂ ਵੀ ਇਹ ਮਾਲਗੱਡੀਆਂ ਗੁਜਰਾਤ ਤੋਂ ਦਰਾਮਦ ਕੀਤੀ ਲੱਕੜ, ਨਮਕ, ਖਾਦ, ਉਦਯੋਗਿਕ ਉਤਪਾਦ ਅਤੇ ਦਰਾਮਦ ਕੰਟੇਨਰ ਲੈ ਕੇ ਉੱਤਰੀ ਭਾਰਤ ਜਾਣ। ਇਸ ਨਾਲ ਖਾਲੀ ਰੇਕਾਂ ਦੀ ਆਵਾਜਾਈ ਘਟੇਗੀ, ਵੈਗਨਾਂ ਦੀ ਬਿਹਤਰ ਵਰਤੋਂ ਹੋਵੇਗੀ ਅਤੇ ਮਾਲ ਢੋਆ-ਢੁਆਈ ਦੀ ਲਾਗਤ ਨੂੰ ਹੋਰ ਮੁਕਾਬਲੇਯੋਗ ਬਣਾਇਆ ਜਾ ਸਕੇਗਾ।”

ਉਨ੍ਹਾਂ ਕਿਹਾ ਕਿ ਰੇਲਵੇ ਦਾ ਉਦੇਸ਼ ਸਿਰਫ਼ ਇੱਕ ਦਿਸ਼ਾ ਵਿੱਚ ਮਾਲ ਢੋਆ-ਢੁਆਈ ਵਧਾਉਣਾ ਨਹੀਂ, ਸਗੋਂ ਦੋਵਾਂ ਦਿਸ਼ਾਵਾਂ ਵਿੱਚ ਸੰਤੁਲਿਤ ਅਤੇ ਨਿਯਮਤ ਮਾਲ ਢੋਆ-ਢੁਆਈ ਦਾ ਅਜਿਹਾ ਮਾਡਲ ਵਿਕਸਿਤ ਕਰਨਾ ਹੈ, ਜਿਸ ਨਾਲ ਵਪਾਰੀਆਂ, ਉਦਯੋਗਾਂ ਅਤੇ ਰੇਲਵੇ ਸਾਰਿਆਂ ਨੂੰ ਲਾਭ ਮਿਲ ਸਕੇ।

ਗੁਜਰਾਤ ਦੀਆਂ ਬੰਦਰਗਾਹਾਂ ਅਤੇ ਉੱਤਰੀ ਭਾਰਤ ਦੇ ਵਪਾਰਕ ਕੇਂਦਰਾਂ ਵਿਚਕਾਰ ਅਥਾਹ ਸੰਭਾਵਨਾਵਾਂ

ਸ੍ਰੀ ਵੇਦ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇਸ਼ ਦੇ ਪ੍ਰਮੁੱਖ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਕ ਸੂਬੇ ਹਨ, ਜਦਕਿ ਗੁਜਰਾਤ ਦੇਸ਼ ਦੇ ਮਹੱਤਵਪੂਰਨ ਉਦਯੋਗਿਕ ਅਤੇ ਸਮੁੰਦਰੀ ਵਪਾਰਕ ਕੇਂਦਰਾਂ ਵਿੱਚ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਕਾਂਡਲਾ, ਮੁੰਦਰਾ ਅਤੇ ਟੂਨਾ-ਟੇਕਰਾ ਵਰਗੀਆਂ ਬੰਦਰਗਾਹਾਂ ਦੇ ਨਾਲ ਗਾਂਧੀਧਾਮ ਦਾ ਲੱਕੜ ਅਤੇ ਨਮਕ ਕਲੱਸਟਰ, ਪਾਲਨਪੁਰ–ਡੀਸਾ ਦਾ ਆਲੂ ਉਤਪਾਦਨ ਖੇਤਰ ਅਤੇ ਅਹਿਮਦਾਬਾਦ–ਸਾਣੰਦ ਦਾ ਉਦਯੋਗਿਕ ਖੇਤਰ ਵਪਾਰਕ ਗਤੀਵਿਧੀਆਂ ਦੇ ਮਹੱਤਵਪੂਰਨ ਕੇਂਦਰ ਹਨ।

ਉਨ੍ਹਾਂ ਕਿਹਾ, “ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਾਂ ਨੂੰ ਗੁਜਰਾਤ ਦੀਆਂ ਬੰਦਰਗਾਹਾਂ ਤੱਕ ਪਹੁੰਚਾਉਣ ਅਤੇ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਦਰਾਮਦ ਕੀਤੀਆਂ ਵਸਤਾਂ ਨੂੰ ਉੱਤਰੀ ਭਾਰਤ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਵਿੱਚ ਰੇਲਵੇ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਜੇਕਰ ਅਸੀਂ ਇਨ੍ਹਾਂ ਵਪਾਰਕ ਮਾਰਗਾਂ 'ਤੇ ਨਿਯਮਤ ਅਤੇ ਸੰਤੁਲਿਤ ਮਾਲ ਢੋਆ-ਢੁਆਈ ਵਿਕਸਿਤ ਕਰਦੇ ਹਾਂ, ਤਾਂ ਇਸ ਨਾਲ ਕਿਸਾਨਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ।”

ਰੇਲਵੇ ਅਤੇ CWC ਮਿਲ ਕੇ ਦੇਣਗੇ ਐਂਡ-ਟੂ-ਐਂਡ ਲੌਜਿਸਟਿਕਸ ਹੱਲ

DRM ਸ੍ਰੀ ਵੇਦ ਪ੍ਰਕਾਸ਼ ਨੇ ਰੇਲਵੇ ਅਤੇ ਕੇਂਦਰੀ ਭੰਡਾਰ ਨਿਗਮ ਵਿਚਕਾਰ ਬਿਹਤਰ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਪਾਰੀਆਂ ਨੂੰ ਸਿਰਫ਼ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਮਾਲ ਪਹੁੰਚਾਉਣ ਦੀ ਸਹੂਲਤ ਹੀ ਨਹੀਂ, ਸਗੋਂ ਪੂਰੀ ਸਪਲਾਈ ਚੇਨ ਦਾ ਹੱਲ ਚਾਹੀਦਾ ਹੈ।

ਉਨ੍ਹਾਂ ਕਿਹਾ, “ਅੱਜ ਵਪਾਰੀ ਚਾਹੁੰਦਾ ਹੈ ਕਿ ਉਸ ਦਾ ਮਾਲ ਖੇਤ, ਫੈਕਟਰੀ, ਰਾਈਸ ਮਿੱਲ ਜਾਂ ਗੋਦਾਮ ਤੋਂ ਚੁੱਕ ਕੇ ਸੁਰੱਖਿਅਤ ਢੰਗ ਨਾਲ ਖਰੀਦਦਾਰ, ਬੰਦਰਗਾਹ ਜਾਂ ਅੰਤਿਮ ਬਾਜ਼ਾਰ ਤੱਕ ਪਹੁੰਚਾਇਆ ਜਾਵੇ। ਇਸ ਲਈ ਰੇਲਵੇ, ਕੇਂਦਰੀ ਭੰਡਾਰ ਨਿਗਮ ਅਤੇ ਲੌਜਿਸਟਿਕਸ ਕੰਪਨੀਆਂ ਨੂੰ ਮਿਲ ਕੇ ਐਂਡ-ਟੂ-ਐਂਡ ਆਵਾਜਾਈ ਹੱਲ ਵਿਕਸਿਤ ਕਰਨੇ ਪੈਣਗੇ।”

ਉਨ੍ਹਾਂ ਕਿਹਾ ਕਿ ਆਧੁਨਿਕ ਰੇਲਵੇ ਟਰਮੀਨਲਾਂ, ਵਿਗਿਆਨਕ ਭੰਡਾਰਨ, ਮਾਲ ਇਕੱਠਾ ਕਰਨ, ਸੁਰੱਖਿਅਤ ਹੈਂਡਲਿੰਗ ਅਤੇ ਫਸਟ ਤੇ ਲਾਸਟ ਮਾਈਲ ਕਨੈਕਟੀਵਿਟੀ ਦੇ ਬਿਹਤਰ ਤਾਲਮੇਲ ਨਾਲ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਵੀ ਰੇਲ ਆਵਾਜਾਈ ਦਾ ਲਾਭ ਦਿੱਤਾ ਜਾ ਸਕਦਾ ਹੈ।

“ਅਸੀਂ ਚਾਹੁੰਦੇ ਹਾਂ ਕਿ ਰੇਲਵੇ ਸਿਰਫ਼ ਵੱਡੇ ਉਦਯੋਗਾਂ ਦੀ ਹੀ ਨਹੀਂ, ਸਗੋਂ ਛੋਟੇ ਵਪਾਰੀਆਂ, ਕਿਸਾਨਾਂ ਅਤੇ ਸਥਾਨਕ ਉੱਦਮੀਆਂ ਦੀ ਵੀ ਪਹਿਲੀ ਪਸੰਦ ਬਣੇ।”

ਘੱਟ ਲਾਗਤ ਅਤੇ ਘੱਟ ਕਾਰਬਨ ਨਿਕਾਸ ਨਾਲ ਟਿਕਾਊ ਆਵਾਜਾਈ ਪ੍ਰਣਾਲੀ

ਸ੍ਰੀ ਵੇਦ ਪ੍ਰਕਾਸ਼ ਨੇ ਰੇਲ ਰਾਹੀਂ ਮਾਲ ਢੋਆ-ਢੁਆਈ ਦੇ ਆਰਥਿਕ ਅਤੇ ਵਾਤਾਵਰਣਕ ਲਾਭਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੰਬੀ ਦੂਰੀ 'ਤੇ ਵੱਡੀ ਮਾਤਰਾ ਵਿੱਚ ਮਾਲ ਦੀ ਢੋਆ-ਢੁਆਈ ਲਈ ਰੇਲਵੇ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ।

ਉਨ੍ਹਾਂ ਕਿਹਾ, “ਸਾਡੀ ਸੋਚ ਸਪੱਸ਼ਟ ਹੈ—ਘੱਟ ਲਾਗਤ, ਘੱਟ ਕਾਰਬਨ ਨਿਕਾਸ, ਵੱਧ ਆਵਾਜਾਈ ਸਮਰੱਥਾ ਅਤੇ ਬਿਹਤਰ ਭਰੋਸੇਯੋਗਤਾ। ਜਦੋਂ ਅਸੀਂ ਵੱਧ ਮਾਲ ਨੂੰ ਸੜਕ ਤੋਂ ਰੇਲਵੇ ਵੱਲ ਤਬਦੀਲ ਕਰਦੇ ਹਾਂ, ਤਾਂ ਇਸ ਨਾਲ ਨਾ ਸਿਰਫ਼ ਆਵਾਜਾਈ ਲਾਗਤ ਘਟਾਉਣ ਵਿੱਚ ਮਦਦ ਮਿਲਦੀ ਹੈ, ਸਗੋਂ ਊਰਜਾ ਦੀ ਬੱਚਤ, ਵਾਤਾਵਰਣ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਵੀ ਉਤਸ਼ਾਹ ਮਿਲਦਾ ਹੈ।”

ਉਨ੍ਹਾਂ ਆਧੁਨਿਕ ਇਲੈਕਟ੍ਰਿਕ ਲੋਕੋਮੋਟਿਵ, ਵਿਸ਼ੇਸ਼ ਮਾਲ ਵੈਗਨਾਂ, ਕੰਟੇਨਰ ਆਵਾਜਾਈ ਅਤੇ ਗਤੀ ਸ਼ਕਤੀ ਕਾਰਗੋ ਟਰਮੀਨਲਾਂ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤੀ ਰੇਲਵੇ ਵੱਖ-ਵੱਖ ਤਰ੍ਹਾਂ ਦੀਆਂ ਉਦਯੋਗਿਕ ਅਤੇ ਵਪਾਰਕ ਲੋੜਾਂ ਅਨੁਸਾਰ ਆਵਾਜਾਈ ਹੱਲ ਵਿਕਸਿਤ ਕਰ ਰਹੀ ਹੈ।

ਵਪਾਰਕ ਅੰਕੜਿਆਂ ਤੋਂ ਸਾਹਮਣੇ ਆਈਆਂ ਮਾਲ ਢੋਆ-ਢੁਆਈ ਦੀਆਂ ਵਿਆਪਕ ਸੰਭਾਵਨਾਵਾਂ

ਟ੍ਰੇਡ ਮੀਟ ਵਿੱਚ ਅਪ੍ਰੈਲ 2022 ਤੋਂ ਮਾਰਚ 2024 ਦੀ ਮਿਆਦ ਦੇ GST ਆਧਾਰਿਤ ਵਪਾਰਕ ਅੰਕੜਿਆਂ ਅਤੇ ਅਨੁਮਾਨਾਂ ਰਾਹੀਂ ਗੁਜਰਾਤ ਅਤੇ ਉੱਤਰੀ ਭਾਰਤ ਵਿਚਕਾਰ ਮਾਲ ਢੋਆ-ਢੁਆਈ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ।

ਉਪਲਬਧ ਅੰਕੜਿਆਂ ਅਨੁਸਾਰ ਇਸ ਮਿਆਦ ਦੌਰਾਨ ਗਾਂਧੀਧਾਮ ਤੋਂ ਪੰਜਾਬ ਅਤੇ ਹਰਿਆਣਾ ਵੱਲ ਲਗਭਗ 33.4 ਲੱਖ ਟਨ ਲੋਹਾ ਅਤੇ ਸਟੀਲ, ਗਾਂਧੀਧਾਮ ਤੋਂ ਉੱਤਰੀ ਭਾਰਤ ਵੱਲ ਲਗਭਗ 2.2 ਲੱਖ ਟਨ ਲੱਕੜ ਅਤੇ ਲੱਕੜ ਤੋਂ ਬਣੀਆਂ ਵਸਤਾਂ ਅਤੇ ਪੰਜਾਬ ਤੇ ਹਰਿਆਣਾ ਤੋਂ ਕੱਛ ਵੱਲ ਲਗਭਗ 60.3 ਲੱਖ ਟਨ ਚੌਲਾਂ ਦਾ ਵਪਾਰਕ ਪ੍ਰਵਾਹ ਰਿਹਾ।

ਇਸ ਵਿੱਚ ਇਕੱਲੇ ਕਰਨਾਲ ਤੋਂ ਕੱਛ ਵੱਲ ਲਗਭਗ 38.7 ਲੱਖ ਟਨ ਚੌਲਾਂ ਦਾ ਵਪਾਰਕ ਪ੍ਰਵਾਹ ਸ਼ਾਮਲ ਸੀ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਮਹਿਸਾਣਾ ਖੇਤਰ ਵੱਲ ਲਗਭਗ 70 ਹਜ਼ਾਰ ਟਨ ਆਲੂਆਂ ਦੀ ਮੌਸਮੀ ਢੋਆ-ਢੁਆਈ ਦਾ ਵਪਾਰਕ ਅਨੁਮਾਨ ਪੇਸ਼ ਕੀਤਾ ਗਿਆ।

ਇਨ੍ਹਾਂ ਅੰਕੜਿਆਂ ਰਾਹੀਂ ਸਬੰਧਤ ਵਪਾਰਕ ਮਾਰਗਾਂ 'ਤੇ ਰੇਲ ਆਧਾਰਿਤ ਮਾਲ ਢੋਆ-ਢੁਆਈ ਦੀ ਸੰਭਾਵਿਤ ਮੰਗ ਅਤੇ ਨਵੇਂ ਵਪਾਰਕ ਮੌਕਿਆਂ ਨੂੰ ਉਜਾਗਰ ਕੀਤਾ ਗਿਆ।

ਵਪਾਰੀਆਂ ਨੂੰ ਆਪਣੀਆਂ ਲੋੜਾਂ ਸਾਂਝੀਆਂ ਕਰਨ ਦੀ ਅਪੀਲ

DRM ਸ੍ਰੀ ਵੇਦ ਪ੍ਰਕਾਸ਼ ਨੇ ਸੰਮੇਲਨ ਵਿੱਚ ਮੌਜੂਦ ਵਪਾਰੀਆਂ, ਰਾਈਸ ਮਿੱਲ ਸੰਚਾਲਕਾਂ, ਆਲੂ ਉਤਪਾਦਕਾਂ, ਲੱਕੜ ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਰੇਲਵੇ ਨਾਲ ਆਪਣੀਆਂ ਅਸਲ ਆਵਾਜਾਈ ਲੋੜਾਂ ਸਾਂਝੀਆਂ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, “ਤੁਸੀਂ ਸਾਨੂੰ ਦੱਸੋ ਕਿ ਕਿਸ ਥਾਂ ਤੋਂ ਕਿੰਨਾ ਮਾਲ ਉਪਲਬਧ ਹੈ, ਉਸ ਨੂੰ ਕਿੱਥੇ ਭੇਜਣਾ ਹੈ, ਕਿਸ ਮੌਸਮ ਵਿੱਚ ਉਸ ਦੀ ਮੰਗ ਵੱਧ ਰਹਿੰਦੀ ਹੈ ਅਤੇ ਕਿਹੜੀਆਂ ਸਹੂਲਤਾਂ ਦੀ ਲੋੜ ਹੈ। ਅਸੀਂ ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲਾਂ ਅਤੇ ਕੇਂਦਰੀ ਭੰਡਾਰ ਨਿਗਮ ਨਾਲ ਮਿਲ ਕੇ ਇਨ੍ਹਾਂ ਲੋੜਾਂ ਦਾ ਅਧਿਐਨ ਕਰਕੇ ਵਿਹਾਰਕ ਹੱਲ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ।”

ਉਨ੍ਹਾਂ ਕਿਹਾ ਕਿ ਸੰਮੇਲਨ ਦਾ ਉਦੇਸ਼ ਸਿਰਫ਼ ਰੇਲਵੇ ਦੀਆਂ ਉਪਲਬਧ ਸੇਵਾਵਾਂ ਦੀ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਉਦਯੋਗ ਅਤੇ ਵਪਾਰ ਜਗਤ ਦੀਆਂ ਲੋੜਾਂ ਨੂੰ ਸਮਝ ਕੇ ਨਵੇਂ ਮਾਲ ਢੋਆ-ਢੁਆਈ ਮਾਰਗਾਂ ਅਤੇ ਵਪਾਰਕ ਸੰਭਾਵਨਾਵਾਂ ਦੀ ਪਛਾਣ ਕਰਨਾ ਵੀ ਹੈ।

ਵਿਕਸਿਤ ਭਾਰਤ 2047 ਦੇ ਸੰਕਲਪ ਵਿੱਚ ਆਧੁਨਿਕ ਲੌਜਿਸਟਿਕਸ ਦੀ ਮਹੱਤਵਪੂਰਨ ਭੂਮਿਕਾ

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਸ੍ਰੀ ਵੇਦ ਪ੍ਰਕਾਸ਼ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰਨ ਲਈ ਆਧੁਨਿਕ ਰੇਲਵੇ, ਮਜ਼ਬੂਤ ਉਦਯੋਗਿਕ ਨੈੱਟਵਰਕ, ਕੁਸ਼ਲ ਲੌਜਿਸਟਿਕਸ ਪ੍ਰਣਾਲੀ ਅਤੇ ਮੁਕਾਬਲੇਯੋਗ ਵਪਾਰਕ ਮਾਹੌਲ ਜ਼ਰੂਰੀ ਹਨ।

ਉਨ੍ਹਾਂ ਕਿਹਾ, “ਰੇਲਵੇ ਦਾ ਵਿਕਾਸ ਸਿਰਫ਼ ਰੇਲਵੇ ਦਾ ਵਿਕਾਸ ਨਹੀਂ ਹੈ। ਇਹ ਕਿਸਾਨਾਂ ਦੀ ਖੁਸ਼ਹਾਲੀ, ਉਦਯੋਗਾਂ ਦੀ ਤਰੱਕੀ, ਵਪਾਰ ਦੇ ਵਿਸਥਾਰ ਅਤੇ ਦੇਸ਼ ਦੀ ਆਰਥਿਕ ਮਜ਼ਬੂਤੀ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਸਾਡਾ ਯਤਨ ਹੈ ਕਿ ਕਿਸਾਨਾਂ ਨੂੰ ਬਿਹਤਰ ਬਾਜ਼ਾਰ, ਵਪਾਰੀਆਂ ਨੂੰ ਘੱਟ ਆਵਾਜਾਈ ਲਾਗਤ, ਉਦਯੋਗਾਂ ਨੂੰ ਭਰੋਸੇਯੋਗ ਸਪਲਾਈ ਚੇਨ ਅਤੇ ਨਿਰਯਾਤਕਾਂ ਨੂੰ ਵਿਸ਼ਵ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਦਾ ਲਾਭ ਮਿਲੇ।”

ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਹਿਮਦਾਬਾਦ, ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲਾਂ ਅਤੇ ਕੇਂਦਰੀ ਭੰਡਾਰ ਨਿਗਮ ਦੀ ਇਹ ਸਾਂਝੀ ਪਹਿਲ ਭਵਿੱਖ ਵਿੱਚ ਨਵੇਂ ਵਪਾਰਕ ਸਬੰਧਾਂ, ਰੇਲ ਮਾਲ ਢੋਆ-ਢੁਆਈ ਦੇ ਮੌਕਿਆਂ ਅਤੇ ਮਜ਼ਬੂਤ ਆਰਥਿਕ ਸਾਂਝੇਦਾਰੀ ਦਾ ਆਧਾਰ ਬਣੇਗੀ।

ਰੇਲਵੇ, CWC ਅਤੇ ਵਪਾਰਕ ਭਾਈਚਾਰੇ ਵਿਚਕਾਰ ਹੋਇਆ ਵਿਆਪਕ ਸੰਵਾਦ

ਟ੍ਰੇਡ ਮੀਟ ਵਿੱਚ ਰੇਲਵੇ ਮਾਲ ਟਰਮੀਨਲਾਂ, ਵਿਗਿਆਨਕ ਵੇਅਰਹਾਊਸਿੰਗ, ਬੈਂਕ ਵਿੱਤੀ ਸਹਾਇਤਾ, ਮਾਲ ਦੀ ਹੈਂਡਲਿੰਗ, ਪੈਕਿੰਗ, ਫਸਟ ਅਤੇ ਲਾਸਟ ਮਾਈਲ ਕਨੈਕਟੀਵਿਟੀ ਅਤੇ ਦੋਵਾਂ ਪਾਸਿਆਂ ਮਾਲ ਢੋਆ-ਢੁਆਈ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਕਿਸਾਨਾਂ, ਵਪਾਰੀਆਂ, ਰਾਈਸ ਮਿੱਲ ਸੰਚਾਲਕਾਂ, ਉਦਯੋਗਪਤੀਆਂ, ਨਿਰਯਾਤਕਾਂ ਅਤੇ ਲੌਜਿਸਟਿਕਸ ਕੰਪਨੀਆਂ ਦੇ ਨੁਮਾਇੰਦਿਆਂ ਨੇ ਰੇਲਵੇ ਅਤੇ CWC ਦੇ ਅਧਿਕਾਰੀਆਂ ਨਾਲ ਆਪਣੀਆਂ ਲੋੜਾਂ ਅਤੇ ਆਵਾਜਾਈ ਸਬੰਧੀ ਚੁਣੌਤੀਆਂ 'ਤੇ ਚਰਚਾ ਕੀਤੀ।

‘Store Safe. Move Smart. Grow Together.’ ਯਾਨੀ ‘ਸੁਰੱਖਿਅਤ ਭੰਡਾਰਨ, ਸਮਾਰਟ ਆਵਾਜਾਈ ਅਤੇ ਸਾਂਝਾ ਵਿਕਾਸ’ ਦੀ ਥੀਮ 'ਤੇ ਆਯੋਜਿਤ ਇਹ ਟ੍ਰੇਡ ਮੀਟ ਗੁਜਰਾਤ, ਪੰਜਾਬ ਅਤੇ ਹਰਿਆਣਾ ਵਿਚਕਾਰ ਰੇਲ ਆਧਾਰਿਤ ਵਪਾਰਕ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਕਿਫ਼ਾਇਤੀ, ਸੁਰੱਖਿਅਤ ਤੇ ਵਾਤਾਵਰਣ ਅਨੁਕੂਲ ਲੌਜਿਸਟਿਕਸ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੰਚ ਸਾਬਤ ਹੋਈ।