ਸਿੱਧੂ ਮੂਸੇਵਾਲਾ ਦੇ ਗੀਤ 'Phantom' 'ਤੇ ਵਿਵਾਦ, ਮਾਪਿਆਂ ਨੇ ਜਤਾਇਆ ਸਖ਼ਤ ਇਤਰਾਜ਼
ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ਨੂੰ ਲੈ ਕੇ ਮਾਪਿਆਂ ਅਤੇ ਸਾਗਾ ਮਿਊਜ਼ਿਕ ਵਿਚਾਲੇ ਵਿਵਾਦ ਛਿੜ ਗਿਆ ਹੈ। ਮਾਪਿਆਂ ਨੇ ਬਿਨਾਂ ਮਨਜ਼ੂਰੀ ਗੀਤ ਰਿਲੀਜ਼ ਕਰਨ 'ਤੇ ਇਤਰਾਜ਼ ਜਤਾਇਆ, ਜਦਕਿ ਕੰਪਨੀ ਨੇ ਸਿੱਧੂ ਨਾਲ ਹੋਏ ਸਮਝੌਤੇ ਤਹਿਤ ਗੀਤ ਦੇ ਅਧਿਕਾਰ ਹੋਣ ਦਾ ਦਾਅਵਾ ਕੀਤਾ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਫੈਂਟਮ' ਦੀ ਰਿਲੀਜ਼ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਿਊਜ਼ਿਕ ਲੇਬਲ ਸਾਗਾ ਮਿਊਜ਼ਿਕ ਵੱਲੋਂ ਗੀਤ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਹ ਗੀਤ ਉਨ੍ਹਾਂ ਦੀ ਮਨਜ਼ੂਰੀ ਅਤੇ ਜ਼ਰੂਰੀ ਦਸਤਾਵੇਜ਼ੀ ਅਧਿਕਾਰਾਂ ਤੋਂ ਬਿਨਾਂ ਰਿਲੀਜ਼ ਕੀਤਾ ਗਿਆ ਹੈ। ਮਾਪਿਆਂ ਮੁਤਾਬਕ ਉਨ੍ਹਾਂ ਨੇ ਪਹਿਲਾਂ ਹੀ ਮਿਊਜ਼ਿਕ ਕੰਪਨੀ ਨੂੰ ਗੀਤ ਦੀ ਰਿਲੀਜ਼ ਰੋਕਣ ਅਤੇ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਸੀ, ਪਰ ਇਸ ਦੇ ਬਾਵਜੂਦ ਗੀਤ ਜਾਰੀ ਕਰ ਦਿੱਤਾ ਗਿਆ।

ਇਸ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਉਨ੍ਹਾਂ ਦੇ ਸੰਗੀਤ ਨਾਲ ਜੁੜੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਕਲਾਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਿੱਧੂ ਦੇ ਗੀਤ ਰਿਲੀਜ਼ ਕਰਨ ਜਾਂ ਉਨ੍ਹਾਂ ਦੇ ਸੰਗੀਤ ਨਾਲ ਜੁੜਿਆ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਪਰਿਵਾਰ ਨੇ ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
ਉੱਧਰ, ਮਾਪਿਆਂ ਦੇ ਇਤਰਾਜ਼ ਤੋਂ ਬਾਅਦ ਹੁਣ ਸਾਗਾ ਮਿਊਜ਼ਿਕ ਨੇ ਵੀ ਆਪਣਾ ਪੱਖ ਰੱਖਿਆ ਹੈ। ਕੰਪਨੀ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਖ਼ੁਦ 'ਫੈਂਟਮ' ਗੀਤ ਲਈ ਸਾਗਾ ਮਿਊਜ਼ਿਕ ਪ੍ਰਾਈਵੇਟ ਲਿਮਟਿਡ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਕੰਪਨੀ ਮੁਤਾਬਕ ਇਸ ਸਮਝੌਤੇ ਤਹਿਤ ਉਸ ਨੂੰ ਗੀਤ ਨਾਲ ਸਬੰਧਤ ਵਿਸ਼ੇਸ਼, ਵਿਸ਼ਵਵਿਆਪੀ ਅਤੇ ਸਥਾਈ ਅਧਿਕਾਰ ਦਿੱਤੇ ਗਏ ਸਨ। ਆਪਣੇ ਦਾਅਵੇ ਦੇ ਸਮਰਥਨ ਵਿੱਚ ਕੰਪਨੀ ਨੇ ਸਿੱਧੂ ਮੂਸੇਵਾਲਾ ਦੇ ਦਸਤਖ਼ਤ ਵਾਲੇ ਸਮਝੌਤੇ ਦਾ ਪਹਿਲਾ ਪੰਨਾ ਵੀ ਸਾਂਝਾ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਪੂਰਾ ਸਮਝੌਤਾ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਸ ਪਿੱਛੇ ਗੁਪਤ ਵਪਾਰਕ ਸ਼ਰਤਾਂ ਅਤੇ ਨਿੱਜੀ ਜਾਣਕਾਰੀ ਹੋਣ ਦਾ ਹਵਾਲਾ ਦਿੱਤਾ ਹੈ।
ਸਾਗਾ ਮਿਊਜ਼ਿਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੀਤ ਦੇ ਆਡੀਓ ਅਧਿਕਾਰਾਂ ਲਈ ਭੁਗਤਾਨ ਸਿੱਧਾ ਸਿੱਧੂ ਮੂਸੇਵਾਲਾ ਨੂੰ ਕੀਤਾ ਗਿਆ ਸੀ, ਜਦਕਿ ਸੰਗੀਤ ਅਤੇ ਵੀਡੀਓ ਨਿਰਮਾਣ ਸਮੇਤ ਹੋਰ ਖਰਚੇ ਸਬੰਧਤ ਪੇਸ਼ੇਵਰਾਂ ਨੂੰ ਦਿੱਤੇ ਗਏ ਸਨ। ਕੰਪਨੀ ਮੁਤਾਬਕ ਇਹ ਕੋਈ ਅਜਿਹਾ ਗੀਤ ਨਹੀਂ ਹੈ, ਜਿਸ ਨੂੰ ਪਹਿਲੀ ਵਾਰ ਸਾਹਮਣੇ ਲਿਆਂਦਾ ਜਾ ਰਿਹਾ ਹੋਵੇ, ਸਗੋਂ ਇਸ ਦਾ ਸੰਗੀਤ ਪਹਿਲਾਂ ਤੋਂ ਮੌਜੂਦ ਹੈ ਅਤੇ ਹੁਣ ਇਸ ਨੂੰ ਅਧਿਕਾਰਤ ਆਡੀਓ ਤੇ ਵੀਡੀਓ ਰਿਲੀਜ਼ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਵਿੱਚ ਉਹ ਖ਼ੁਦ ਸਾਗਾ ਮਿਊਜ਼ਿਕ ਰਾਹੀਂ ਇਸ ਗੀਤ ਦੀ ਰਿਲੀਜ਼ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਹਨ।
ਕੰਪਨੀ ਨੇ ਆਪਣੇ ਬਿਆਨ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਪਰਿਵਾਰ ਪ੍ਰਤੀ ਸਤਿਕਾਰ ਜਤਾਉਂਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਸਿੱਧੂ ਦੇ ਨਾਮ, ਤਸਵੀਰ, ਸੰਗੀਤ ਜਾਂ ਵਿਰਾਸਤ ਦੀ ਦੁਰਵਰਤੋਂ ਨਹੀਂ ਕਰ ਰਹੇ, ਬਲਕਿ ਉਨ੍ਹਾਂ ਵੱਲੋਂ ਕੀਤੇ ਗਏ ਸਮਝੌਤੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਦੇ ਆਪਣੇ-ਆਪਣੇ ਦਾਅਵੇ ਸਾਹਮਣੇ ਆ ਰਹੇ ਹਨ ਅਤੇ 'ਫੈਂਟਮ' ਗੀਤ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।



