ਬਰਡ ਫਲੂ ਖ਼ਿਲਾਫ਼ ਭਾਰਤ ਦੀ ਵੱਡੀ ਕਾਮਯਾਬੀ, ਮੁਰਗੀਆਂ ਲਈ ਤਿਆਰ ਕੀਤੀ ਪਹਿਲੀ ਸਵਦੇਸ਼ੀ H5N1 ਵੈਕਸੀਨ
ਦੇਸ਼ ਵਿੱਚ ਪਹਿਲੀ ਵਾਰ ਮੁਰਗੀਆਂ ਨੂੰ ਬਰਡ ਫਲੂ ਤੋਂ ਬਚਾਉਣ ਲਈ ਸਵਦੇਸ਼ੀ H5N1 ਵੈਕਸੀਨ ਵਿਕਸਤ ਕੀਤੀ ਗਈ ਹੈ। ਭੋਪਾਲ ਸਥਿਤ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (NIHSAD) ਵੱਲੋਂ ਤਿਆਰ ਕੀਤੀ ਗਈ ਇਸ ਵੈਕਸੀਨ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।

ਬਰਡ ਫਲੂ ਕਾਰਨ ਹਰ ਸਾਲ ਪੋਲਟਰੀ ਕਾਰੋਬਾਰ ਨੂੰ ਹੋਣ ਵਾਲੇ ਭਾਰੀ ਨੁਕਸਾਨ ਨੂੰ ਰੋਕਣ ਲਈ ਭਾਰਤ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੇਸ਼ ਵਿੱਚ ਪਹਿਲੀ ਵਾਰ ਮੁਰਗੀਆਂ ਨੂੰ ਬਰਡ ਫਲੂ ਤੋਂ ਬਚਾਉਣ ਲਈ ਸਵਦੇਸ਼ੀ H5N1 ਵੈਕਸੀਨ ਵਿਕਸਤ ਕੀਤੀ ਗਈ ਹੈ। ਭੋਪਾਲ ਸਥਿਤ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (NIHSAD) ਵੱਲੋਂ ਤਿਆਰ ਕੀਤੀ ਗਈ ਇਸ ਵੈਕਸੀਨ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।
ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ, ਮੁਰਗੀਆਂ ਲਈ ਤਿਆਰ ਕੀਤੀ ਗਈ ਨਿਸ਼ਕਿਰਿਆ H5N1 (ਕਲੇਡ 2.3.2.1A) ਵੈਕਸੀਨ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਸਵਦੇਸ਼ੀ ਵੈਕਸੀਨ ਹੈ। ਇਸ ਨੂੰ ਖ਼ਾਸ ਤੌਰ ’ਤੇ ਦੇਸ਼ ਵਿੱਚ ਫੈਲ ਰਹੇ H5N1 HPAI ਵਾਇਰਸ ਦੇ ਕਲੇਡ 2.3.2.1A ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ।
ਦਰਅਸਲ, ਬਰਡ ਫਲੂ ਨੂੰ ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (HPAI) ਵੀ ਕਿਹਾ ਜਾਂਦਾ ਹੈ। ਇਹ ਮੁਰਗੀਆਂ ਸਮੇਤ ਹੋਰ ਪੰਛੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਬਿਮਾਰੀ ਹੈ। ਇਸ ਦੇ ਸੰਕਰਮਣ ਕਾਰਨ ਪੰਛੀਆਂ ਦੀ ਮੌਤ ਦਰ 100 ਫ਼ੀਸਦੀ ਤੱਕ ਹੋ ਸਕਦੀ ਹੈ। ਬਿਮਾਰੀ ਫੈਲਣ ’ਤੇ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਮਾਰਨਾ ਪੈਂਦਾ ਹੈ ਅਤੇ ਪੋਲਟਰੀ ਉਤਪਾਦਾਂ ਦੇ ਵਪਾਰ ’ਤੇ ਵੀ ਪਾਬੰਦੀਆਂ ਲੱਗ ਜਾਂਦੀਆਂ ਹਨ। ਇਸ ਨਾਲ ਪੋਲਟਰੀ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਬਰਡ ਫਲੂ ਕਾਰਨ ਦੇਸ਼ ਨੂੰ ਹੋ ਸਕਦਾ ਹੈ ਭਾਰੀ ਆਰਥਿਕ ਨੁਕਸਾਨ
ਕੇਂਦਰ ਸਰਕਾਰ ਮੁਤਾਬਕ, ਬਰਡ ਫਲੂ ਦਾ ਇੱਕ ਵੱਡਾ ਪ੍ਰਕੋਪ ਭਾਰਤ ਦੀ GDP ਵਿਕਾਸ ਦਰ ਨੂੰ 1.5 ਫ਼ੀਸਦੀ ਤੱਕ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਇਹ ਬਿਮਾਰੀ ਬੇਕਾਬੂ ਹੋ ਕੇ ਫੈਲਦੀ ਹੈ ਤਾਂ ਦੇਸ਼ ਦੀ 20 ਫ਼ੀਸਦੀ ਤੋਂ ਵੱਧ ਪੋਲਟਰੀ ਆਬਾਦੀ ਪ੍ਰਭਾਵਿਤ ਹੋਣ ਅਤੇ ਨਸ਼ਟ ਹੋਣ ਦਾ ਖ਼ਤਰਾ ਹੈ।
ਅੰਕੜਿਆਂ ਮੁਤਾਬਕ, ਸਾਲ 2006 ਵਿੱਚ ਬਰਡ ਫਲੂ ਦੇ ਪ੍ਰਕੋਪ ਕਾਰਨ ਭਾਰਤ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 2,200 ਤੋਂ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਮਣੀਪੁਰ ਵਿੱਚ ਵੀ ਬਰਡ ਫਲੂ ਕਾਰਨ ਹੋਏ ਇੱਕ ਪ੍ਰਕੋਪ ਦੌਰਾਨ ਸੂਬੇ ਦੀ GDP ਦੇ 0.5 ਫ਼ੀਸਦੀ ਦੇ ਬਰਾਬਰ ਆਰਥਿਕ ਨੁਕਸਾਨ ਦਰਜ ਕੀਤਾ ਗਿਆ ਸੀ।
ਮਨੁੱਖਾਂ ਵਿੱਚ ਵੀ ਸਾਹਮਣੇ ਆ ਚੁੱਕੇ ਹਨ ਸੰਕਰਮਣ ਦੇ ਮਾਮਲੇ
ਬਰਡ ਫਲੂ ਸਿਰਫ਼ ਪੰਛੀਆਂ ਅਤੇ ਪੋਲਟਰੀ ਕਾਰੋਬਾਰ ਲਈ ਹੀ ਖ਼ਤਰਾ ਨਹੀਂ ਹੈ, ਸਗੋਂ ਇਹ ਮਨੁੱਖੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਮੁਤਾਬਕ, ਸਾਲ 2003 ਤੋਂ ਹੁਣ ਤੱਕ ਭਾਰਤ ਸਮੇਤ 25 ਦੇਸ਼ਾਂ ਵਿੱਚ ਮਨੁੱਖਾਂ ਅੰਦਰ H5N1 ਏਵੀਅਨ ਇਨਫਲੂਐਂਜ਼ਾ ਦੇ 1,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 479 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੰਤਰਾਲੇ ਮੁਤਾਬਕ, H5N1 ਵਾਇਰਸ ਦਾ ਕਲੇਡ 2.3.2.1A ਮੁਰਗੀਆਂ ਵਿੱਚ ਬਰਡ ਫਲੂ ਦੇ ਜ਼ਿਆਦਾਤਰ ਪ੍ਰਕੋਪਾਂ ਲਈ ਜ਼ਿੰਮੇਵਾਰ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ ਇਸ ਵਾਇਰਸ ਦਾ ਸੰਕਰਮਣ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ, ਖ਼ਾਸ ਕਰਕੇ ਥਣਧਾਰੀ ਜੀਵਾਂ ਵਿੱਚ ਵੀ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਮਨੁੱਖਾਂ ਵਿੱਚ ਵੀ ਇਸ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ।
ਕਿਉਂ ਜ਼ਰੂਰੀ ਸੀ ਸਵਦੇਸ਼ੀ ਵੈਕਸੀਨ?
ਕੇਂਦਰ ਸਰਕਾਰ ਅਨੁਸਾਰ, ਫਿਲਹਾਲ H5N1 ਵਾਇਰਸ ਦੇ ਕਲੇਡ 2.3.2.1A ਤੋਂ ਸੁਰੱਖਿਆ ਲਈ ਕੋਈ ਵਿਸ਼ੇਸ਼ ਵਪਾਰਕ ਵੈਕਸੀਨ ਉਪਲਬਧ ਨਹੀਂ ਸੀ। ਇਸ ਕਾਰਨ ਭਾਰਤ ਲਈ ਆਪਣੀ ਵੈਕਸੀਨ ਵਿਕਸਤ ਕਰਨਾ ਬੇਹੱਦ ਮਹੱਤਵਪੂਰਨ ਸੀ।
ਭੋਪਾਲ ਸਥਿਤ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ ਵੱਲੋਂ ਤਿਆਰ ਕੀਤੀ ਗਈ ਇਹ ਸਵਦੇਸ਼ੀ ਵੈਕਸੀਨ ਇਸੇ ਲੋੜ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ। ਇਸ ਦਾ ਮੁੱਖ ਉਦੇਸ਼ ਮੁਰਗੀਆਂ ਨੂੰ ਬਰਡ ਫਲੂ ਤੋਂ ਸੁਰੱਖਿਆ ਦੇਣਾ, ਪੋਲਟਰੀ ਕਿਸਾਨਾਂ ਦੇ ਆਰਥਿਕ ਨੁਕਸਾਨ ਨੂੰ ਘਟਾਉਣਾ ਅਤੇ ਵਾਇਰਸ ਦੇ ਹੋਰ ਜਾਨਵਰਾਂ ਤੇ ਮਨੁੱਖਾਂ ਤੱਕ ਫੈਲਣ ਦੇ ਖ਼ਤਰੇ ਨੂੰ ਘੱਟ ਕਰਨਾ ਹੈ।



