ਰੋਹਤਕ ’ਚ ਢਾਬੇ ’ਤੇ ਅੰਨ੍ਹੇਵਾਹ ਫਾਇਰਿੰਗ, 4 ਨੌਜਵਾਨਾਂ ਦੀ ਮੌਤ; ਪੁਲਿਸ ਚੌਕੀ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਵਾਰਦਾਤ
ਹਰਿਆਣਾ ਦੇ ਰੋਹਤਕ ਵਿੱਚ ਖਰਾਵੜ ਪੁਲਿਸ ਚੌਕੀ ਤੋਂ ਕਰੀਬ 50 ਕਦਮ ਦੂਰ ਇੱਕ ਢਾਬੇ ’ਤੇ ਪੰਜ ਹਥਿਆਰਬੰਦ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਨੂੰ ਭਾਊ ਰਿਟੋਲੀਆ ਤੇ ਸੰਨੀ ਰਿਟੌਲੀਆ ਵਿਚਾਲੇ ਗੈਂਗਵਾਰ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਰੋਹਤਕ: ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਇੱਕ ਢਾਬੇ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਗੋਲੀਬਾਰੀ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਨੂੰ ਖਰਾਵੜ ਪੁਲਿਸ ਚੌਕੀ ਤੋਂ ਮਹਿਜ਼ 50 ਕਦਮਾਂ ਦੀ ਦੂਰੀ ’ਤੇ ਅੰਜਾਮ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ, ਸਵਿਫਟ ਕਾਰ ਵਿੱਚ ਸਵਾਰ ਹੋ ਕੇ ਪੰਜ ਹਥਿਆਰਬੰਦ ਬਦਮਾਸ਼ ਢਾਬੇ ’ਤੇ ਪਹੁੰਚੇ। ਉਸ ਸਮੇਂ ਉੱਥੇ ਕੁਝ ਨੌਜਵਾਨ ਖਾਣਾ ਖਾ ਰਹੇ ਸਨ। ਬਦਮਾਸ਼ਾਂ ਨੇ ਆਉਂਦੇ ਹੀ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਕਾਰਨ ਢਾਬੇ ’ਤੇ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਤੇ ਕੁਰਸੀਆਂ ਦੇ ਪਿੱਛੇ ਲੁਕ ਗਏ।
ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਖਾਣੇ ਦੀ ਮੇਜ਼ ਕੋਲ ਮੌਤ ਹੋ ਗਈ, ਜਦਕਿ ਚੌਥਾ ਨੌਜਵਾਨ ਜਾਨ ਬਚਾਉਣ ਲਈ ਉੱਥੋਂ ਭੱਜਿਆ। ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਥਿਆਰਬੰਦ ਬਦਮਾਸ਼ ਕਈ ਮਿੰਟਾਂ ਤੱਕ ਮੌਕੇ ’ਤੇ ਹੀ ਘੁੰਮਦੇ ਰਹੇ ਅਤੇ ਫਿਰ ਫਰਾਰ ਹੋ ਗਏ। ਮੁੱਢਲੀ ਜਾਣਕਾਰੀ ਮੁਤਾਬਕ, ਮ੍ਰਿਤਕਾਂ ਵਿੱਚੋਂ ਤਿੰਨ ਝੱਜਰ ਜ਼ਿਲ੍ਹੇ ਦੇ ਪਿੰਡ ਡੀਘਲ ਅਤੇ ਇੱਕ ਬੇਰੀ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਵਾਰਦਾਤ ਰਾਤ ਕਰੀਬ ਸਾਢੇ 12 ਵਜੇ ਵਾਪਰੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੋਹਤਕ ਪੁਲਿਸ ਰੇਂਜ ਦੇ ਆਈਜੀ ਅਖਤਰ ਵੀ ਅੱਧੀ ਰਾਤ ਨੂੰ ਮੌਕੇ ’ਤੇ ਪਹੁੰਚੇ। ਐੱਸਪੀ ਗੌਰਵ ਰਾਜਪੁਰੋਹਿਤ ਸਮੇਤ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਸੀਆਈਏ, ਸਪੈਸ਼ਲ ਸੈੱਲ ਅਤੇ ਐੱਫਐੱਸਐੱਲ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ।
ਫਿਲਹਾਲ ਇਸ ਵਾਰਦਾਤ ਨੂੰ ਭਾਊ ਰਿਟੋਲੀਆ ਅਤੇ ਸੰਨੀ ਰਿਟੌਲੀਆ ਵਿਚਾਲੇ ਚੱਲ ਰਹੀ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



