LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਪੰਜਾਬ

ਪਟਿਆਲਾ-ਸੰਗਰੂਰ ਹਾਈਵੇ 'ਤੇ ਵੱਡਾ ਹਾਦਸਾ, ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਦੋ ਟਰੱਕ ਲਟਕੇ

ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ 'ਤੇ ਪਸਿਆਣਾ ਨੇੜੇ ਭਾਖੜਾ ਨਹਿਰ ਉੱਪਰ ਬਣਿਆ ਪੁਲ ਟੁੱਟਣ ਕਾਰਨ ਦੋ ਟਰੱਕ ਨਹਿਰ ਵਿੱਚ ਲਟਕ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਅੱਗ ਲੱਗ ਗਈ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ, ਜਦਕਿ ਪੁਲ ਦੀ ਮਜ਼ਬੂਤੀ ਅਤੇ ਪਹਿਲਾਂ ਹੋਈ ਮੁਰੰਮਤ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਪੰਜਾਬ ਵਿੱਚ ਸੜਕਾਂ ਅਤੇ ਪੁਲਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ 'ਤੇ ਭਾਖੜਾ ਨਹਿਰ ਉੱਪਰ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਹਾਦਸੇ ਸਮੇਂ ਪੁਲ ਤੋਂ ਦੋ ਟਰੱਕ ਲੰਘ ਰਹੇ ਸਨ, ਜੋ ਪੁਲ ਟੁੱਟਣ ਕਾਰਨ ਨਹਿਰ ਦੇ ਉੱਪਰ ਹੀ ਲਟਕ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜਿਸ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।

ਇਹ ਹਾਦਸਾ ਪਸਿਆਣਾ ਪਿੰਡ ਨੇੜੇ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਾਹਨਾਂ ਨੂੰ ਹੋਰ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ।

ਫਿਲਹਾਲ ਦੋਵੇਂ ਟਰੱਕਾਂ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਜਾਂ ਵਿਅਕਤੀ ਦੇ ਜ਼ਖਮੀ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੁਲ ਟੁੱਟਣ ਕਾਰਨ ਭਾਖੜਾ ਨਹਿਰ ਦਾ ਪਾਣੀ ਵੀ ਪੁਲ ਦੇ ਉੱਪਰੋਂ ਵਹਿਣ ਲੱਗ ਪਿਆ।

ਜਾਣਕਾਰੀ ਮੁਤਾਬਕ ਇਹ ਪੁਲ ਸਾਲ 2016 ਵਿੱਚ ਬਣਾਇਆ ਗਿਆ ਸੀ। ਕਰੀਬ 10 ਸਾਲਾਂ ਬਾਅਦ ਪੁਲ ਦੇ ਅਚਾਨਕ ਟੁੱਟਣ ਨਾਲ ਇਸ ਦੀ ਉਸਾਰੀ ਅਤੇ ਮਜ਼ਬੂਤੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਵੀ ਪੁਲ ਵਿੱਚ ਕੁਝ ਦਰਾਰਾਂ ਆਈਆਂ ਸਨ, ਜਿਸ ਤੋਂ ਬਾਅਦ NHAI ਵੱਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ।

ਹੁਣ ਹਾਦਸੇ ਤੋਂ ਬਾਅਦ ਪੁਲ ਦੀ ਮੁਰੰਮਤ ਅਤੇ ਇਸ ਦੀ ਹਾਲਤ ਦੀ ਜਾਂਚ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ।