LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਅੰਤਰਰਾਸ਼ਟਰੀ

ਕੈਨੇਡਾ 'ਚ ਪੰਜਾਬਣ ਨਵਜੋਤ ਕੌਰ ਨੇ ਚਮਕਾਇਆ ਨਾਮ

ਕੈਨੇਡਾ ਦੇ ਟੋਰਾਂਟੋ ਵਿੱਚ ਫੈਸ਼ਨ ਸ਼ੋਅ ਦੌਰਾਨ ਪੰਜਾਬੀ ਮੂਲ ਦੀ ਸਿੱਖ ਮਾਡਲ ਨਵਜੋਤ ਕੌਰ ਦਸਤਾਰ ਸਜਾ ਕੇ ਰਨਵੇਅ 'ਤੇ ਨਜ਼ਰ ਆਈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ। ਨਵਜੋਤ ਨੇ ਇਸ ਪੇਸ਼ਕਾਰੀ ਨੂੰ ਆਪਣੇ ਲੰਮੇ ਸਫ਼ਰ ਦੀ ਸ਼ੁਰੂਆਤ ਦੱਸਦਿਆਂ ਕਿਹਾ ਕਿ ਆਪਣੀ ਪਛਾਣ ਅਤੇ ਵਿਸ਼ਵਾਸ ਨਾਲ ਦੁਨੀਆ ਦੇ ਕਿਸੇ ਵੀ ਮੰਚ 'ਤੇ ਮਾਣ ਨਾਲ ਖੜ੍ਹਿਆ ਜਾ ਸਕਦਾ ਹੈ।

ਵਿਦੇਸ਼ਾਂ ਵਿੱਚ ਪੰਜਾਬੀ ਅਤੇ ਸਿੱਖ ਪਛਾਣ ਨੂੰ ਮਾਣ ਨਾਲ ਪੇਸ਼ ਕਰਨ ਵਾਲੇ ਲੋਕਾਂ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ। ਹੁਣ ਕੈਨੇਡਾ ਦੇ ਟੋਰਾਂਟੋ ਵਿੱਚ ਹੋਏ ਇੱਕ ਫੈਸ਼ਨ ਸ਼ੋਅ ਦੌਰਾਨ ਪੰਜਾਬੀ ਮੂਲ ਦੀ ਸਿੱਖ ਮਹਿਲਾ ਮਾਡਲ ਨਵਜੋਤ ਕੌਰ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਰਨਵੇਅ 'ਤੇ ਦਸਤਾਰ ਸਜਾ ਕੇ ਪੂਰੇ ਆਤਮ-ਵਿਸ਼ਵਾਸ ਨਾਲ ਨਜ਼ਰ ਆਈ, ਜਿਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

ਫੈਸ਼ਨ ਸ਼ੋਅ ਦੌਰਾਨ ਨਵਜੋਤ ਕੌਰ ਨੇ ਹੋਰਨਾਂ ਮਾਡਲਾਂ ਦੇ ਨਾਲ ਰਨਵੇਅ 'ਤੇ ਵਾਕ ਕੀਤਾ। ਇਸ ਦੌਰਾਨ ਉਸ ਨੇ ਸਿਰ 'ਤੇ ਦਸਤਾਰ ਸਜਾਈ ਹੋਈ ਸੀ ਅਤੇ ਆਪਣੇ ਪਹਿਰਾਵੇ ਰਾਹੀਂ ਸਿੱਖ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਮਾਣ ਨਾਲ ਪੇਸ਼ ਕੀਤਾ। ਉਸ ਦੀ ਇਸ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਕੌਮਾਂਤਰੀ ਫੈਸ਼ਨ ਮੰਚ 'ਤੇ ਆਪਣੀਆਂ ਸਿੱਖ ਜੜ੍ਹਾਂ ਦੀ ਨੁਮਾਇੰਦਗੀ ਕਰਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਉਸ ਦੀ ਸ਼ਲਾਘਾ ਕੀਤੀ ਹੈ।

ਨਵਜੋਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਪਲ ਨੂੰ ਆਪਣੇ ਲੰਮੇ ਸਫ਼ਰ ਦੀ ਸਿਰਫ਼ ਸ਼ੁਰੂਆਤ ਦੱਸਿਆ। ਉਸ ਨੇ ਲਿਖਿਆ ਕਿ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇਹ ਮੁਕਾਮ ਹਾਸਲ ਕਰ ਸਕੇਗੀ, ਪਰ ਆਪਣੇ ਵਿਸ਼ਵਾਸ ਸਦਕਾ ਉਸ ਨੇ ਇਹ ਕਰ ਦਿਖਾਇਆ ਹੈ।

ਉਸ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਨਸਾਨ ਆਪਣੀ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਨਾਲ ਲੈ ਕੇ ਦੁਨੀਆ ਦੇ ਕਿਸੇ ਵੀ ਮੰਚ 'ਤੇ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ। ਇਸ ਦੇ ਨਾਲ ਹੀ ਉਸ ਨੇ ਫੈਸ਼ਨ ਸ਼ੋਅ ਵਿੱਚ ਮੌਕਾ ਦੇਣ ਵਾਲੇ ਡਿਜ਼ਾਈਨਰਾਂ ਦਾ ਧੰਨਵਾਦ ਵੀ ਕੀਤਾ।

ਨਵਜੋਤ ਕੌਰ ਦੀ ਇਸ ਪੇਸ਼ਕਾਰੀ ਨੂੰ ਹੁਣ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ। ਉਸ ਦੀ ਇਹ ਕੋਸ਼ਿਸ਼ ਦਿਖਾਉਂਦੀ ਹੈ ਕਿ ਕੌਮਾਂਤਰੀ ਮੰਚ 'ਤੇ ਆਪਣੀ ਪਛਾਣ ਅਤੇ ਸੱਭਿਆਚਾਰ ਨੂੰ ਮਾਣ ਨਾਲ ਪੇਸ਼ ਕਰਨਾ ਵੀ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ।