SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਮੁੜ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੀ ਚਰਚਾ ਤੇਜ਼
ਅੱਜ ਦੁਪਹਿਰ 12 ਵਜੇ SGPC ਦੇ ਜਨਰਲ ਇਜਲਾਸ ਵਿੱਚ ਨਵੇਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ, ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੀ ਚਰਚਾ ਤੇਜ਼ ਹੈ। ਸੁਖਬੀਰ ਬਾਦਲ ਵੱਲੋਂ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ ਚੁਣਨ ਦੀ ਗੱਲ ਕਹੀ ਗਈ ਹੈ, ਹੁਣ ਸਭ ਦੀਆਂ ਨਜ਼ਰਾਂ ਚੋਣ ਦੇ ਨਤੀਜੇ 'ਤੇ ਟਿਕੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਅੱਜ ਦੁਪਹਿਰ 12 ਵਜੇ ਹੋਣ ਵਾਲੇ ਜਨਰਲ ਇਜਲਾਸ ਵਿੱਚ ਕਮੇਟੀ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੌਰਾਨ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਨਾਮ 'ਤੇ ਮੈਂਬਰ ਸਹਿਮਤੀ ਜਤਾਉਣਗੇ ਜਾਂ ਕੋਈ ਨਵਾਂ ਚਿਹਰਾ ਸਾਹਮਣੇ ਆਵੇਗਾ।
ਹਾਲਾਂਕਿ, ਮੌਜੂਦਾ ਚਰਚਾਵਾਂ ਮੁਤਾਬਕ ਹਰਜਿੰਦਰ ਸਿੰਘ ਧਾਮੀ ਦੇ ਮੁੜ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਧਾਮੀ ਪਹਿਲੀ ਵਾਰ 29 ਨਵੰਬਰ 2021 ਨੂੰ SGPC ਦੇ ਪ੍ਰਧਾਨ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2022, 2023, 28 ਅਕਤੂਬਰ 2024 ਅਤੇ 3 ਨਵੰਬਰ 2025 ਨੂੰ ਵੀ ਇਸ ਅਹੁਦੇ 'ਤੇ ਚੁਣੇ ਗਏ।
ਇਸ ਵਾਰ ਦੇ ਜਨਰਲ ਇਜਲਾਸ ਵਿੱਚ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ। ਉੱਧਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੋਣ ਬਾਰੇ ਕਿਹਾ ਹੈ ਕਿ ਜਿਸ ਦੇ ਭਾਗਾਂ ਵਿੱਚ ਸੇਵਾ ਹੋਵੇਗੀ, ਉਸ ਨੂੰ ਇਹ ਜ਼ਿੰਮੇਵਾਰੀ ਮਿਲ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਪ੍ਰਧਾਨ ਦੀ ਚੋਣ ਮੈਂਬਰਾਂ ਦੀ ਸਹਿਮਤੀ ਨਾਲ ਕੀਤੀ ਜਾਵੇਗੀ। ਪਹਿਲਾਂ ਸਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਹੋਵੇਗਾ ਅਤੇ ਉਸ ਤੋਂ ਬਾਅਦ ਨਾਮ ਤੈਅ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਵੀ ਧਾਮੀ ਦੇ ਨਾਮ 'ਤੇ ਮੋਹਰ ਲੱਗਦੀ ਹੈ ਜਾਂ SGPC ਨੂੰ ਨਵਾਂ ਪ੍ਰਧਾਨ ਮਿਲਦਾ ਹੈ।



