ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਜਿਲੈਂਸ ਬਿਊਰੋ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਫੇਰਬਦਲ ਕੀਤਾ ਗਿਆ ਹੈ। ਵਿਭਾਗ ਵੱਲੋਂ ਤਿੰਨ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਵਿਜਿਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਪ੍ਰਵੀਣ ਕੁਮਾਰ ਸਿੰਹਾ (IPS) ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਜਾਰੀ ਹੁਕਮਾਂ ਮੁਤਾਬਕ ਰਵਜੋਤ ਗਰੇਵਾਲ (IPS) ਨੂੰ ਜੌਇੰਟ ਡਾਇਰੈਕਟਰ ਐਡਮਿਨਿਸਟ੍ਰੇਸ਼ਨ, ਵਿਜਿਲੈਂਸ ਬਿਊਰੋ ਪੰਜਾਬ ਦੇ ਪਦ ‘ਤੇ ਬਰਕਰਾਰ ਰੱਖਦੇ ਹੋਏ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਜੌਇੰਟ ਡਾਇਰੈਕਟਰ IVC & SU ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਇਸ ਨਾਲ ਜਾਂਚ ਅਤੇ ਨਿਗਰਾਨੀ ਨਾਲ ਜੁੜੇ ਕੰਮਾਂ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ।
ਫਿਰੋਜ਼ਪੁਰ ਰੇਂਜ ਦੇ ਐਸਐਸਪੀ ਬਣੇ ਜਗਤਪ੍ਰੀਤ
ਇਸ ਦੇ ਨਾਲ ਹੀ ਜਗਤਪ੍ਰੀਤ ਸਿੰਘ (PPS) ਨੂੰ ਜੌਇੰਟ ਡਾਇਰੈਕਟਰ IVC & SU, ਵਿਜਿਲੈਂਸ ਬਿਊਰੋ ਪੰਜਾਬ ਦੇ ਪਦ ਤੋਂ ਤਬਦੀਲ ਕਰਕੇ ਸੀਨੀਅਰ ਸੁਪਰਿੰਟੈਂਡੈਂਟ ਆਫ਼ ਪੁਲਿਸ (SSP) ਵਿਜਿਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਜੋਂ ਤਾਇਨਾਤ ਕੀਤਾ ਗਿਆ ਹੈ। ਹੁਣ ਉਹ ਇਸ ਰੇਂਜ ਵਿੱਚ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਉਣਗੇ।
ਇਸੇ ਤਰ੍ਹਾਂ ਮਨਜੀਤ ਸਿੰਘ (PPS) ਨੂੰ ਐਸਐਸਪੀ ਵਿਜਿਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਪਦ ਤੋਂ ਹਟਾ ਕੇ ਐਸਐਸਪੀ ਵਿਜਿਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਕੀਤਾ ਗਿਆ ਹੈ। ਨਵੀਂ ਤਾਇਨਾਤੀ ਤੋਂ ਬਾਅਦ ਉਹ ਅੰਮ੍ਰਿਤਸਰ ਰੇਂਜ ਵਿੱਚ ਵਿਜਿਲੈਂਸ ਨਾਲ ਜੁੜੇ ਮਾਮਲਿਆਂ ਦੀ ਨਿਗਰਾਨੀ ਕਰਨਗੇ।
ਜਲਦੀ ਕਾਰਜਭਾਰ ਸੰਭਾਲਣ ਦੇ ਹੁਕਮ
ਵਿਜਿਲੈਂਸ ਬਿਊਰੋ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਤਬਾਦਲਿਆਂ ਦਾ ਮੁੱਖ ਉਦੇਸ਼ ਵਿਭਾਗੀ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ। ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਤੇਜ਼ੀ ਆਵੇਗੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇਗੀ।
ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਪੰਜਾਬ ਸਰਕਾਰ ਦੇ ਵਿਜਿਲੈਂਸ ਵਿਭਾਗ ਦੇ ਸਕੱਤਰ, ਪੰਜਾਬ ਦੇ ਡੀਜੀਪੀ, ਵਿਜਿਲੈਂਸ ਬਿਊਰੋ ਦੇ ਵੱਖ-ਵੱਖ ਜੌਇੰਟ ਡਾਇਰੈਕਟਰਾਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਨਵੀਂ ਤਾਇਨਾਤੀ ਅਨੁਸਾਰ ਅਧਿਕਾਰੀ ਜਲਦ ਤੋਂ ਜਲਦ ਆਪਣਾ ਕਾਰਜਭਾਰ ਸੰਭਾਲ ਸਕਣ।
