ਆਮ ਜਨਤਾ ਨੂੰ ਵੱਡਾ ਝਟਕਾ ! ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਵਾਧਾ

ਮਹਿੰਗਾਈ ਨੇ ਇੱਕ ਵਾਰ ਫਿਰ ਆਮ ਲੋਕਾਂ ਦੀ ਜੇਬ ‘ਤੇ ਵੱਡਾ ਵਾਰ ਕੀਤਾ ਹੈ। ਘਰੇਲੂ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ।

14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 7 ਮਾਰਚ ਤੋਂ ਲਾਗੂ ਹੋ ਗਈਆਂ ਹਨ।

ਮਿਲੀ ਜਾਣਕਾਰੀ ਦੇ ਮੁਤਾਬਕ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਹਿਲਾਂ ਇਹ ਸਿਲੰਡਰ 853 ਰੁਪਏ ਵਿੱਚ ਮਿਲਦਾ ਸੀ, ਪਰ ਹੁਣ ਇਸਦੀ ਕੀਮਤ ਵੱਧ ਕੇ 913 ਰੁਪਏ ਹੋ ਗਈ ਹੈ।

ਸਿਰਫ ਘਰੇਲੂ ਗੈਸ ਹੀ ਨਹੀਂ, ਸਗੋਂ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 115 ਰੁਪਏ ਦਾ ਇਜਾਫਾ ਕੀਤਾ ਗਿਆ ਹੈ।

ਦਿੱਲੀ ਵਿੱਚ ਹੁਣ 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ 1,883 ਰੁਪਏ ਵਿੱਚ ਮਿਲੇਗਾ, ਜਦਕਿ ਮੁੰਬਈ ਵਿੱਚ ਇਸਦੀ ਕੀਮਤ 1,835 ਰੁਪਏ ਤੱਕ ਪਹੁੰਚ ਗਈ ਹੈ।

ਇਸ ਵਾਧੇ ਦਾ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਖਾਣ-ਪੀਣ ਦੇ ਕਾਰੋਬਾਰ ‘ਤੇ ਵੀ ਪੈ ਸਕਦਾ ਹੈ। ਗੈਸ ਮਹਿੰਗੀ ਹੋਣ ਨਾਲ ਖਾਣੇ-ਪੀਣੇ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਰਜਾ ਦੀਆਂ ਕੀਮਤਾਂ ‘ਤੇ ਦਬਾਅ ਬਣਿਆ ਹੋਇਆ ਹੈ, ਜਿਸਦਾ ਅਸਰ ਭਾਰਤ ਵਿੱਚ LPG ਦੀਆਂ ਕੀਮਤਾਂ ‘ਤੇ ਵੀ ਪੈ ਰਿਹਾ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਾਰੀਆਂ LPG ਰਿਫਾਇਨਰੀਆਂ ਨੂੰ ਉਤਪਾਦਨ ਵਧਾਉਣ ਦੇ ਆਦੇਸ਼ ਵੀ ਜਾਰੀ ਕੀਤੇ ਸਨ, ਤਾਂ ਜੋ ਮੰਗ ਨੂੰ ਪੂਰਾ ਕੀਤਾ ਜਾ ਸਕੇ।

Leave a Reply

Your email address will not be published. Required fields are marked *