ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੱਲ੍ਹ (27 ਮਾਰਚ) ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੌਕਡਾਊਨ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਵੀ ਇਸ ਤੋਂ ਇਨਕਾਰ ਕੀਤਾ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।
ਪੰਜਾਬ ਦੇ ਹਾਲਾਤ ਬਾਰੇ CM ਮਾਨ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਪੈਟਰੋਲ ਦਾ 12 ਦਿਨ ਅਤੇ ਡੀਜ਼ਲ ਦਾ 14 ਦਿਨ ਦਾ ਸਟਾਕ ਮੌਜੂਦ ਹੈ। LPG ਗੈਸ ਦਾ ਵੀ ਲਗਭਗ 6 ਦਿਨ ਦਾ ਸਟਾਕ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 2 ਮਹੀਨੇ ਪਹਿਲਾਂ ਵੀ ਇਹੋ ਜਿਹੀ ਸਥਿਤੀ ਸੀ, ਇਸ ਲਈ ਲੋਕ ਘਬਰਾਏ ਨਾ।
ਸੀਐਮ ਨੇ ਕਿਹਾ ਕਿ ਅਫਵਾਹਾਂ ਕਰਕੇ ਤੇਲ ਦੀ ਮੰਗ ਵੱਧ ਗਈ ਹੈ। ਮੈਂ ਚੀਫ਼ ਸੈਕਟਰੀ ਨੂੰ ਕਿਹਾ ਹੈ ਕਿ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰੋ ਅਤੇ ਜਿੱਥੇ ਪੈਟਰੋਲ ਪੰਪਾਂ ‘ਤੇ ਲਾਈਨਾਂ ਲੱਗੀਆਂ ਹਨ, ਉਨ੍ਹਾਂ ਦੀ ਜਾਂਚ ਕਰੋ। ਅਜਿਹੇ ਕੋਈ ਗੰਭੀਰ ਹਾਲਾਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ 41 ਦੇਸ਼ਾਂ ਨਾਲ ਸਮਝੌਤੇ ਕੀਤੇ ਹਨ ਅਤੇ ਦੇਸ਼ ਵਿੱਚ 60 ਦਿਨ ਦਾ ਤੇਲ ਸਟਾਕ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਅਸੀਂ ਹਰ ਪਲ ਦੀ ਜਾਣਕਾਰੀ ਲੈ ਰਹੇ ਹਾਂ ਅਤੇ ਚੀਫ਼ ਸੈਕਟਰੀ ਤੇ ਡੀਸੀ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਕੇਂਦਰੀ ਗ੍ਰਹਿ ਅਤੇ ਪੈਟਰੋਲਿਯਮ ਮੰਤਰਾਲੇ ਨਾਲ ਵੀ ਗੱਲਬਾਤ ਜਾਰੀ ਹੈ। ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ ਅਤੇ ਕਿਸੇ ਵੀ ਚੀਜ਼ ਨੂੰ ਸਟੋਰ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਫੈਕਟਰੀਆਂ ਨੂੰ ਬੰਦ ਕਰਨ ਵਾਲੀਆਂ ਸ਼ਰਤਾਂ ਹਟਾਉਣ ਲਈ ਕਿਹਾ ਗਿਆ ਹੈ ਤਾਂ ਜੋ 2 ਦਿਨ ਲਈ ਵੀ ਉਤਪਾਦਨ ਨਾ ਰੁਕੇ, ਕਿਉਂਕਿ ਇਸ ਨਾਲ ਮਜ਼ਦੂਰਾਂ ਦੇ ਰੋਜ਼ਗਾਰ ‘ਤੇ ਅਸਰ ਪੈਂਦਾ ਹੈ।
ਸੀਐਮ ਮਾਨ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਕੋਲ ਬੇਨਤੀ ਕੀਤੀ ਕਿ ਸਾਡੀ ਗੰਹੂਂ ਦੀ ਫਸਲ ਆ ਰਹੀ ਹੈ। ਟ੍ਰੈਕਟਰ, ਕੰਬਾਈਨ ਅਤੇ ਮੰਡੀਆਂ ਵਿੱਚ ਟਰੱਕ ਚੱਲਣਗੇ, ਇਸ ਲਈ ਡੀਜ਼ਲ-ਪੈਟਰੋਲ ਦੀ ਕਮੀ ਨਹੀਂ ਹੋਣੀ ਚਾਹੀਦੀ। ਫਸਲ ਮੰਡੀ ਵਿੱਚ ਆਵੇ, ਤੋਲ ਹੋਵੇ ਅਤੇ ਨਾਲ ਨਾਲ ਗੋਦਾਮਾਂ ਤੱਕ ਪਹੁੰਚੇ—ਇਸ ਲਈ ਤੇਲ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਭਾਰਤ ਦੇ ਹੋਰ ਦੇਸ਼ਾਂ ਨਾਲ ਚੰਗੇ ਸੰਬੰਧ ਹਨ ਅਤੇ ਇਸ ਸਮੇਂ 140 ਕਰੋੜ ਲੋਕਾਂ ਲਈ ਦੋਸਤੀ ਨਿਭਾਉਣ ਦਾ ਸਮਾਂ ਹੈ, ਤਾਂ ਜੋ ਲੋਕਾਂ ਨੂੰ ਪੈਟਰੋਲਿਯਮ ਸਮੱਗਰੀ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਾ ਆਵੇ।
ਉਨ੍ਹਾਂ ਕਿਹਾ ਕਿ ਸਾਨੂੰ ਵ੍ਹਾਈਟ ਹਾਊਸ ਤੋਂ ਆਰਡਰ ਆਉਂਦਾ ਹੈ ਕਿ ਇਕ ਮਹੀਨੇ ਲਈ ਰੂਸ ਤੋਂ ਕੱਚਾ ਤੇਲ ਖਰੀਦ ਸਕਦੇ ਹੋ—ਅਸੀਂ ਤਾਂ ਵਿਸ਼ਵਗੁਰੂ ਬਣਨ ਚਲੇ ਸੀ, ਫਿਰ ਵਿਸ਼ਵਚੇਲੇ ਕਦੋਂ ਬਣ ਗਏ?
ਮੰਤਰੀ ਨੇ ਕਿਹਾ—ਪੈਨਿਕ ਨਾ ਬਣਾਓ
ਮੰਤਰੀ ਸੰਜੀਵ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੈਨਿਕ ਨਾ ਬਣਾਓ। ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ ਹੈ। LPG ਦੀ ਸਪਲਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ ਹੈ। ਮੌਜੂਦਾ ਹਾਲਾਤ ਅਨੁਸਾਰ ਕਮਰਸ਼ੀਅਲ LPG ਦੀ ਕੁਝ ਕਮੀ ਹੈ ਅਤੇ ਲਗਭਗ 20% ਹੀ ਉਪਲਬਧ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਹੋਸਟਲਾਂ, ਹਸਪਤਾਲਾਂ ਅਤੇ ਹੋਰ ਜ਼ਰੂਰੀ ਸਥਾਨਾਂ ‘ਤੇ ਇਸਦਾ ਪਹਿਲਾਂ ਇਸਤੇਮਾਲ ਕੀਤਾ ਜਾਵੇ। ਪਾਈਪ ਗੈਸ ਦੀ ਕੋਈ ਕਮੀ ਨਹੀਂ ਹੈ।
ਸੀਐਮ ਮਾਨ ਨੇ ਦੁਹਰਾਇਆ ਕਿ ਇਸ ਵੇਲੇ ਪੰਜਾਬ ਵਿੱਚ 12 ਤੋਂ 14 ਦਿਨ ਦਾ ਸਟਾਕ ਮੌਜੂਦ ਹੈ ਅਤੇ ਅਫਵਾਹਾਂ ਤੋਂ ਬਚਣ ਦੀ ਲੋੜ ਹੈ।
