ਨਾਗਰਿਕ-ਕੇਂਦ੍ਰਿਤ ਸੁਧਾਰਾਂ ਤਹਿਤ ਪਾਰਦਰਸ਼ਤਾ, ਕਾਰਗੁਜ਼ਾਰੀ ਅਤੇ ਸਰਕਾਰੀ ਸੇਵਾਵਾਂ ਦੀ ਬਿਨਾ ਰੁਕਾਵਟ ਡਿਲਿਵਰੀ ਯਕੀਨੀ ਬਣਾਉਣ ਲਈ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਕਾਰਨ ਪੰਜਾਬ ਸਰਕਾਰ ਨੂੰ ਟੈਕਨੋਲੋਜੀ ਸਭਾ 2026 ਦੌਰਾਨ ਮਾਣਯੋਗ “Digital Excellence” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਵਿਸ਼ੇਸ਼ ਸਾਰੰਗਲ ਨੇ ਰਾਜ ਸਰਕਾਰ ਦੀ ਓਰੋਂ ਇਹ ਸਨਮਾਨ ਹੈਦਰਾਬਾਦ ਵਿੱਚ Indian Express Group ਵੱਲੋਂ ਆਯੋਜਿਤ ਟੈਕਨੋਲੋਜੀ ਸਭਾ 2026 ਦੌਰਾਨ ਪ੍ਰਾਪਤ ਕੀਤਾ। ਸਮਾਗਮ ਵਿੱਚ ਦੇਸ਼ ਭਰ ਦੇ ਪ੍ਰਮੁੱਖ ਤਕਨੀਕੀ ਵਿਸ਼ੇਸ਼ਗਿਆਨ ਅਤੇ ਨੀਤੀ-ਨਿਰਧਾਰਕ ਸ਼ਾਮਲ ਹੋਏ।
ਇਹ ਸਨਮਾਨ ਰਾਜ ਦੇ ਨਾਗਰਿਕਾਂ ਅਤੇ ਵਿਭਾਗੀ ਟੀਮ ਨੂੰ ਸਮਰਪਿਤ ਕਰਦੇ ਹੋਏ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਮੰਤਰੀ Aman Arora ਨੇ ਕਿਹਾ ਕਿ ਇਹ ਮਾਣ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਾਰਦਰਸ਼ੀ, ਪੇਪਰਲੇਸ ਅਤੇ ਜਵਾਬਦੇਹ ਪ੍ਰਸ਼ਾਸਨਕ ਢਾਂਚੇ ਦੀ ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਣ ਰਾਜ ਸਰਕਾਰ ਦੀ ਸੁਸ਼ਾਸਨ ਅਤੇ ਨਾਗਰਿਕ-ਕੇਂਦ੍ਰਿਤ ਸੁਧਾਰਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਹਿਰਾ ‘ਵਿਚੌਲੀਆ ਸਭਿਆਚਾਰ’ ਖਤਮ ਕਰਨ ਅਤੇ ਲੋਕਾਂ ਨੂੰ ਘਰ-ਦੁਆਰ ‘ਤੇ ਆਸਾਨ ਅਤੇ ਇਜ਼ਤਦਾਰ ਸੇਵਾਵਾਂ ਪ੍ਰਦਾਨ ਕਰਨ ਦੇ ਯਤਨਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਡਿਜ਼ਿਟਲ ਬਦਲਾਅ ਸਿਰਫ ਤਕਨਾਲੋਜੀ ਤੱਕ ਸੀਮਿਤ ਨਹੀਂ, ਸਗੋਂ ਪ੍ਰਸ਼ਾਸਨ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਮੁੜ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਹੈ।
ਉਨ੍ਹਾਂ ਰਾਜ ਸਰਕਾਰ ਦੀਆਂ ਨਵੀਂ ਡਿਜ਼ਿਟਲ ਪਹਿਲਾਂ ਬਾਰੇ ਦੱਸਦੇ ਹੋਏ ਕਿਹਾ ਕਿ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਯੋਜਨਾ ਹੇਠ ਨਾਗਰਿਕ ਹੈਲਪਲਾਈਨ ਨੰਬਰ 1076 ‘ਤੇ ਕਾਲ ਕਰਕੇ ਘਰ ਬੈਠੇ 430 ਤੋਂ ਵੱਧ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ ਨੂੰ ਆਨਲਾਈਨ ਅਰਜ਼ੀਆਂ ਦੀ ਤਸਦੀਕ ਲਈ ਅਧਿਕਾਰਿਤ ਕੀਤਾ ਗਿਆ ਹੈ, ਜਿਸ ਨਾਲ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਖਾਸ ਤੇਜ਼ੀ ਆਈ ਹੈ ਅਤੇ ਤਕਨਾਲੋਜੀ ਨੂੰ ਜ਼ਮੀਨੀ ਪੱਧਰ ਨਾਲ ਜੋੜਿਆ ਗਿਆ ਹੈ।
ਪਟਵਾਰੀਆਂ ਅਤੇ ਫੀਲਡ ਸਟਾਫ ਦੀ ਸਫਲ ਸ਼ਮੂਲੀਅਤ ਤੋਂ ਬਾਅਦ ਰਾਜ ਸਰਕਾਰ ਵੱਲੋਂ 12.5 ਲੱਖ ਤੋਂ ਵੱਧ ਅਰਜ਼ੀਆਂ ‘ਤੇ ਆਨਲਾਈਨ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਡਿਜ਼ਿਟਲ ਏਕੀਕਰਨ ਦੇ ਨਤੀਜੇ ਵਜੋਂ ਲੰਬਿਤ ਮਾਮਲਿਆਂ ਦੀ ਦਰ ਕੇਵਲ 0.33 ਫੀਸਦੀ ਰਹਿ ਗਈ ਹੈ, ਜੋ ਸਿਸਟਮ ਦੀ ਉੱਚ ਕਾਰਗੁਜ਼ਾਰੀ ਦਰਸਾਉਂਦੀ ਹੈ।
ਇਸ ਤੋਂ ਇਲਾਵਾ, ਐਮ-ਸੇਵਾ ਅਤੇ ਕਨੈਕਟ ਪੰਜਾਬ ਇਕ ਇਕੀਕ੍ਰਿਤ ਮੋਬਾਈਲ ਪਲੇਟਫਾਰਮ ਅਤੇ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਮੁਹੱਈਆ ਕਰਦੇ ਹਨ, ਜਿਸ ਰਾਹੀਂ ਨਾਗਰਿਕ ਆਪਣੇ ਅਰਜ਼ੀਆਂ ਦੀ ਟ੍ਰੈਕਿੰਗ ਕਰ ਸਕਦੇ ਹਨ ਅਤੇ ਰੀਅਲ-ਟਾਈਮ ਫੀਡਬੈਕ ਦੇ ਸਕਦੇ ਹਨ। ਇਸ ਨਾਲ ਹਰ ਪੱਧਰ ‘ਤੇ ਜਵਾਬਦੇਹੀ ਯਕੀਨੀ ਬਣ ਰਹੀ ਹੈ।
ਭਵਿੱਖ ਦੀ ਯੋਜਨਾ ਬਾਰੇ ਗੱਲ ਕਰਦੇ ਹੋਏ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪੰਜਾਬ ਦੀ ਡਿਜ਼ਿਟਲ ਯਾਤਰਾ ਦੇ ਅਗਲੇ ਪੜਾਅ ਵਿੱਚ ਸੇਵਾਵਾਂ ਨੂੰ ਹੋਰ ਆਸਾਨ ਬਣਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਨੂੰ ਸ਼ਾਮਲ ਕੀਤਾ ਜਾਵੇਗਾ। ਟੀਚਾ ਆਮਦਨ, ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ ਸਮੇਤ ਸਾਰੀਆਂ ਮੁੱਖ ਸੇਵਾਵਾਂ ਲਈ 100 ਫੀਸਦੀ ਪੇਪਰਲੇਸ ਅਤੇ ਕਾਂਟੈਕਟਲੈਸ ਪ੍ਰਣਾਲੀ ਕਾਇਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਲਾਲਫੀਤਾ ਸ਼ਾਹੀ ਨੂੰ ਖਤਮ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਹਰ ਸਰਕਾਰੀ ਸੇਵਾ ਨੂੰ ਲੋਕਾਂ ਲਈ ਇਕ ਕਲਿੱਕ ‘ਤੇ ਉਪਲਬਧ ਬਣਾਉਣ ਦੇ ਟੀਚੇ ਨੂੰ ਅੱਗੇ ਵਧਾਏਗਾ।
