ਚੰਡੀਗੜ੍ਹ ਦੇ ਸੁਖਨਾ ਲੇਕ ‘ਤੇ ਚੱਲ ਰਹੇ ਏਅਰ-ਸ਼ੋ ਦਾ ਅੱਜ ਦੂਜਾ ਅਤੇ ਆਖ਼ਰੀ ਦਿਨ ਸੀ। ਲਗਭਗ ਇੱਕ ਘੰਟੇ ਚੱਲੇ ਇਸ ਏਅਰ-ਸ਼ੋ ਦੌਰਾਨ ਏਅਰਫੋਰਸ ਦੀ ਸੂਰਿਆਕਿਰਣ ਟੀਮ ਨੇ ਆਸਮਾਨ ਵਿੱਚ ਕਈ ਹੈਰਾਨੀਜਨਕ ਕਰਤਬ ਦਿਖਾਏ। ਟੀਮ ਨੇ ਹਵਾ ਵਿੱਚ ਡਾਇਮੰਡ, Y, ਤੇਜਸ, DNA ਵਰਗੀਆਂ ਫਾਰਮੇਸ਼ਨਾਂ ਬਣਾਕੇ ਦਰਸ਼ਕਾਂ ਨੂੰ ਤਾਲੀਆਂ ਵਜਾਉਣ ‘ਤੇ ਮਜਬੂਰ ਕਰ ਦਿੱਤਾ।
ਇਸ ਤੋਂ ਇਲਾਵਾ ਕਦੇ 360 ਡਿਗਰੀ ਤਾਂ ਕਦੇ 90 ਡਿਗਰੀ ‘ਤੇ ਘੁੰਮਦਿਆਂ ਸ਼ਾਨਦਾਰ ਸਟੰਟ ਵੀ ਦਿਖਾਏ। ਆਖ਼ਿਰ ਵਿੱਚ ਟੀਮ ਦੇ 2 ਫਾਈਟਰ ਜੈੱਟਾਂ ਨੇ ਹਵਾ ਵਿੱਚ ਧੂੰਏ ਨਾਲ ਦਿਲ ਦਾ ਆਕਾਰ ਬਣਾਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਨਾਲ ਹੀ ਏਅਰ-ਸ਼ੋ ਸੰਪੰਨ ਹੋ ਗਿਆ।
ਇਸ ਸ਼ਾਨਦਾਰ ਮੰਜ਼ਰ ਨੂੰ ਵੇਖਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ। ਉਨ੍ਹਾਂ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅਤੇ ਹਰਿਆਣਾ ਦੇ ਗਵਰਨਰ ਅਸ਼ੀਮ ਘੋਸ਼ ਵੀ ਮੌਜੂਦ ਸਨ।
ਏਅਰ-ਸ਼ੋ ਖਤਮ ਹੋਣ ਤੋਂ ਬਾਅਦ ਸੁਖਨਾ ਲੇਕ ਨੂੰ ਆਮ ਲੋਕਾਂ ਲਈ ਦੁਪਹਿਰ 2 ਵਜੇ ਖੋਲ੍ਹ ਦਿੱਤਾ ਜਾਵੇਗਾ। ਇਸ ਏਅਰ-ਸ਼ੋ ਕਰਕੇ 26 ਮਾਰਚ ਤੋਂ ਸੁਖਨਾ ਲੇਕ ਆਮ ਜਨਤਾ ਲਈ ਬੰਦ ਰੱਖਿਆ ਗਿਆ ਸੀ।
