ਗੁਜਰਾਤ ਦੇ ਦਾਹੋਦ ਵਿੱਚ ‘ਵਿਜੇ ਵਿਸ਼ਵਾਸ ਸਭਾ’ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ 30 ਸਾਲਾਂ ਵਿੱਚ ਭਾਜਪਾ ਨੇ ਨਾ ਚੰਗੇ ਸਕੂਲ ਦਿੱਤੇ, ਨਾ ਹਸਪਤਾਲ ਅਤੇ ਨਾ ਹੀ ਕਿਸਾਨਾਂ ਲਈ ਪਾਣੀ ਦੀ ਢੰਗ ਦੀ ਸਹੂਲਤ। ਉਨ੍ਹਾਂ ਦੋਸ਼ ਲਗਾਇਆ ਕਿ ਆਦਿਵਾਸੀ ਸਮਾਜ ਨਾਲ ਸਭ ਤੋਂ ਵੱਧ ਅਨਿਆਇ ਹੋਇਆ ਹੈ ਅਤੇ ਉਨ੍ਹਾਂ ਦੇ ਹੱਕਾਂ ਦਾ ਪੈਸਾ ਵੀ ਲੁੱਟਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਮੁਫ਼ਤ ਬਿਜਲੀ, 10 ਲੱਖ ਤੱਕ ਸਿਹਤ ਬੀਮਾ ਅਤੇ ਚੰਗੇ ਸਕੂਲ ਮੁਹੱਈਆ ਕਰਵਾਏ ਹਨ ਅਤੇ ਇਹੀ ਮਾਡਲ ਗੁਜਰਾਤ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਪਾਉਣ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ 4 ਸਾਲਾਂ ਵਿੱਚ ਵੱਡੇ ਬਦਲਾਅ ਆਏ ਹਨ। ਕਿਸਾਨਾਂ ਨੂੰ ਦਿਨ ਵਿੱਚ ਮੁਫ਼ਤ ਬਿਜਲੀ ਮਿਲ ਰਹੀ ਹੈ, ਫਸਲਾਂ ਦੇ ਪੈਸੇ ਤੁਰੰਤ ਮਿਲਦੇ ਹਨ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਵੀ ‘ਆਪ’ ਦੀ ਸਰਕਾਰ ਬਣੀ ਤਾਂ ਪੰਜਾਬ ਵਾਂਗ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ-ਕਾਂਗਰਸ ਤੋਂ ਤੰਗ ਆ ਕੇ ਇਸ ਵਾਰ ਬਦਲਾਅ ਲਈ ਵੋਟ ਪਾਓ।
