ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ ਖਾਤਿਆਂ ਨਾਲ ਜੁੜੇ ਕਰੀਬ 597 ਕਰੋੜ ਰੁਪਏ ਦੇ IDFC First Bank ਘੋਟਾਲੇ ਵਿੱਚ Enforcement Directorate (ED) ਨੇ ਵੱਡੀ ਕਾਰਵਾਈ ਕੀਤੀ ਹੈ। ED ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਦੀ ਟੀਮ ਨੇ 12 ਮਾਰਚ ਨੂੰ Chandigarh, Mohali, Panchkula, Gurugram ਅਤੇ Bengaluru ਵਿੱਚ 19 ਥਾਵਾਂ ‘ਤੇ ਇਕੱਠੇ ਛਾਪੇ ਮਾਰੇ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਕਾਰੀ ਪੈਸੇ ਨੂੰ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਵਜੋਂ ਰੱਖਣ ਦੀ ਬਜਾਏ ਦੋਸ਼ੀਆਂ ਨੇ ਬਿਨਾਂ ਮਨਜ਼ੂਰੀ ਉਹ ਰਕਮ ਵੱਖ-ਵੱਖ ਖਾਤਿਆਂ ਅਤੇ ਜਾਲੀ ਕੰਪਨੀਆਂ ਵਿੱਚ ਟਰਾਂਸਫਰ ਕਰ ਦਿੱਤੀ।
ਬੈਂਕ ਦੇ ਸਾਬਕਾ ਕਰਮਚਾਰੀਆਂ ‘ਤੇ ਦੋਸ਼
ਇਸ ਮਾਮਲੇ ਵਿੱਚ IDFC First Bank ਦੇ ਸਾਬਕਾ ਕਰਮਚਾਰੀ Ribhav Rishi ਅਤੇ Abhay Kumar ਦੇ ਠਿਕਾਣਿਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕਈ ਸ਼ੈਲ ਕੰਪਨੀਆਂ ਅਤੇ ਕਾਰੋਬਾਰੀਆਂ ਦੇ ਘਰ ਵੀ ਤਲਾਸ਼ੀ ਲਈ ਗਈ।
ਜਿਨ੍ਹਾਂ ਕੰਪਨੀਆਂ ਦੀ ਜਾਂਚ ਕੀਤੀ ਗਈ ਉਹਨਾਂ ਵਿੱਚ Swastik Desh Projects, Capco Fintech Services, Maa Vaibhav Lakshmi Interiors ਅਤੇ SRR Planning Gurus Pvt. Ltd. ਸ਼ਾਮਲ ਹਨ।
ਇਸ ਤੋਂ ਇਲਾਵਾ Sowen Jewellers ਸਮੇਤ ਕੁਝ ਜੁਲਰੀ ਵਪਾਰੀਆਂ ਅਤੇ ਰੀਅਲ ਐਸਟੇਟ ਕਾਰੋਬਾਰੀ Vikram Wadhwa ਨਾਲ ਜੁੜੀਆਂ ਕੰਪਨੀਆਂ ਦੀ ਵੀ ਜਾਂਚ ਕੀਤੀ ਗਈ।
ਸੋਨਾ ਖਰੀਦ ਦੇ ਨਾਮ ‘ਤੇ ਪੈਸੇ ਦੀ ਹੇਰਾਫੇਰੀ
ਜਾਂਚ ਵਿੱਚ ਪਤਾ ਲੱਗਿਆ ਕਿ ਦੋਸ਼ੀਆਂ ਨੇ ਪਹਿਲਾਂ Swastik Desh Projects ਨਾਮ ਦੀ ਸ਼ੈਲ ਕੰਪਨੀ ਬਣਾਈ ਅਤੇ ਸਰਕਾਰੀ ਰਕਮ ਉਸ ਵਿੱਚ ਟਰਾਂਸਫਰ ਕਰ ਦਿੱਤੀ। ਇਸ ਤੋਂ ਬਾਅਦ ਇਹ ਪੈਸਾ ਜੁਲਰੀ ਵਪਾਰੀਆਂ ਦੇ ਬੈਂਕ ਖਾਤਿਆਂ ਰਾਹੀਂ ਘੁਮਾਇਆ ਗਿਆ ਅਤੇ ਫਰਜ਼ੀ ਬਿਲ ਬਣਾ ਕੇ ਸੋਨਾ ਖਰੀਦਣ ਦਾ ਦਿਖਾਵਾ ਕੀਤਾ ਗਿਆ।
ED ਦੇ ਮੁਤਾਬਕ ਇਹ ਘੋਟਾਲਾ ਕਰੀਬ ਇੱਕ ਸਾਲ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਬੈਂਕ ਦੇ ਸਾਬਕਾ ਕਰਮਚਾਰੀਆਂ ਦੀ ਮਦਦ ਲਈ ਗਈ। Ribhav Rishi ਨੇ ਜੂਨ 2025 ਵਿੱਚ ਬੈਂਕ ਤੋਂ ਅਸਤੀਫਾ ਦੇ ਦਿੱਤਾ ਸੀ।
ਹੋਟਲ ਕਾਰੋਬਾਰੀ ਅਤੇ ਬਿਲਡਰ ਦੀ ਵੀ ਜਾਂਚ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ Mohali ਦੇ ਹੋਟਲ ਕਾਰੋਬਾਰੀ ਅਤੇ ਰੀਅਲ ਐਸਟੇਟ ਡਿਵੈਲਪਰ Vikram Wadhwa ਦੇ ਖਾਤਿਆਂ ਵਿੱਚ ਵੀ ਇਸ ਘੋਟਾਲੇ ਦੀ ਰਕਮ ਪਹੁੰਚੀ। ਬਾਅਦ ਵਿੱਚ ਇਹ ਪੈਸਾ Prisma Residency LLP, Kinspire Realty LLP ਅਤੇ Martel Buildwell LLP ਵਰਗੀਆਂ ਕੰਪਨੀਆਂ ਵਿੱਚ ਟਰਾਂਸਫਰ ਕੀਤਾ ਗਿਆ।
ਛਾਪੇਮਾਰੀ ਦੌਰਾਨ Vikram Wadhwa ਮੌਕੇ ‘ਤੇ ਨਹੀਂ ਮਿਲਿਆ ਅਤੇ ਉਹ ਇਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ।
90 ਤੋਂ ਵੱਧ ਬੈਂਕ ਖਾਤੇ ਫ੍ਰੀਜ਼
ED ਦੀ ਟੀਮ ਨੇ ਛਾਪੇਮਾਰੀ ਦੌਰਾਨ 90 ਤੋਂ ਵੱਧ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਨਾਲ ਹੀ ਡਿਜ਼ਿਟਲ ਅਤੇ ਦਸਤਾਵੇਜ਼ੀ ਸਬੂਤ ਵੀ ਜ਼ਬਤ ਕੀਤੇ ਗਏ ਹਨ। ED ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।
